ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜੀਲੈਂਡ ਦੀ ਕਬੱਡੀ ਵਿੱਚ ਪਹਿਲਾ ਖਿਡਾਰੀ ਵਜੋਂ ਤੇ ਹੁਣ ਪ੍ਰਬੰਧਕ ਵਜੋਂ ਵਿਚਰ ਰਹੇ ਮੰਗਾ ਭੰਡਾਲ ਦੇ ਪਿਤਾ ਜੀ ਸ. ਬਲਦੇਵ ਸਿੰਘ ਭੰਡਾਲ (ਫੋਰਮੈਨ ਸਾਬ) 73 ਸਾਲ ਦੇ ਕਰੋਨਾ ਦੀ ਮਹਾਮਾਰੀ ਕਰਕੇ ਹੋਏ ਅਕਾਲ ਚਲਾਣੇ ਨਾਲ ਨਿਊਜੀਲੈਂਡ ਦੇ ਸਮੁੱਚੇ ਖੇਡ ਜਗਤ ਵਿੱਚ ਦੁੱਖ ਦੀ ਲਹਿਰ ਹੈ ।
ਇੱਥੇ ਜਿਕਰਯੋਗ ਹੈ ਕਿ ਸ. ਬਲਦੇਵ ਸਿੰਘ ਭੰਡਾਲ ਜੋ ਕਿ ਪਿੰਡ ਭੰਡਾਲ ਖੁਰਦ (ਕਪੂਰਥਲਾ) ਦੇ ਜੰਮਪਲ ਸਨ । ਉਹਨਾਂ ਤਕਰੀਬਨ ਤਿੰਨ ਦਹਾਕੇ ਦੁਬਈ ਵਿੱਚ ਕਿਰਤ ਕਮਾਈ ਕੀਤੀ ਜਿਸ ਕਰਕੇ ਪਿਆਰ ਨਾਲ ਸਾਰੇ ਉਹਨਾਂ ਨੂੰ ਫੋਰਮੈਨ ਸਾਬ ਵਜੋਂ ਸਬੰਧਿਤ ਕਰਦੇ ਸਨ । ਪਿਛਲੇ ਦੋ ਹਫਤਿਆਂ ਤੋਂ ਕਰੋਨਾ ਬਿਮਾਰੀ ਨਾਲ ਜੂਝਦਿਆਂ ਜਿੰਦਗੀ ਦੀ ਜੰਗ ਹਾਰ ਗਏ ।
ਉਹਨਾਂ ਦੇ ਇਸ ਵਿਗੋਚੇ ਤੇ ਜਿੱਥੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵੱਲੋੰ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਉੱਥੇ ਹੀ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਨਿਊਜੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੁੱਚੇ ਕਲੱਬਾਂ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।
ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਅਤੇ ਰਿਸ਼ਤੇ ਵਿੱਚ ਭਾਣਜੇ ਭਾਈ ਦਲਜੀਤ ਸਿੰਘ ਅਨੁਸਾਰ ਫੋਰਮੈਨ ਸਾਬ ਨਾਲ ਉਹਨਾਂ ਦੀ ਨਿੱਜੀ ਵਿਚਾਰਕ ਸਾਂਝ ਸੀ , ਇਸ ਬਿਮਾਰੀ ਨਾਲ ਜੰਗ ਦੌਰਾਨ ਵੀ ਉਹਨਾਂ ਦੀ ਗੱਲ ਹੁੰਦੀ ਰਹੀ ਤੇ ਉਹਨਾਂ ਦੀ ਚੜਦੀ ਕਲਾ ਹੌਸਲਾ ਦਾਇਕ ਸੀ , ਪਰ ਇਹ ਪਤਾ ਨਹੀਂ ਸੀ ਕਿ ਉਹ ਐਨੀ ਜਲਦੀ ਸਾਥ ਛੱਡ ਜਾਣਗੇ । ਸ. ਬਲਦੇਵ ਸਿੰਘ ਚਾਰ ਵਾਰ ਨਿਊਜੀਲੈਂਡ ਆਏ ਸਨ । ਮੰਗੇ ਭੰਡਾਲ ਤੋਂ ਇਲਾਵਾਂ ਉਹਨਾਂ ਦੀਆਂ ਦੋ ਧੀਆਂ ਨਿਊਜੀਲੈਂਡ ਵੱਸਦੀਆਂ ਹਨ ਤੇ ਇੱਕ ਧੀ ਹੁਸ਼ਿਆਰਪੁਰ ਵਿਖੇ ਵਿਆਹੀ ਹੋਈ ਹੈ । ਉਹਨਾਂ ਅਨੁਸਾਰ ਫੋਰਮੈਨ ਸਾਬ ਗੁਰਸਿੱਖੀ ਜੀਵਨ ਵਿੱਚ ਜਿੱਥੇ ਪਰਪੱਕ ਸਨ , ਉੱਥੇ ਹੀ ਮੇਹਨਤ ਤੇ ਹਲੀਮੀ ਦੀ ਇੱਕ ਜੀਊਂਦੀ ਜਾਗਦੀ ਮਿਸਾਲ ਸਨ ।
ਨਿਊਜੀਲੈਂਡ ਵਿੱਚ ਉਹਨਾਂ ਦੀ ਖਾਸ਼ ਸਾਂਝ ਭੰਡਾਲ ਪਰਿਵਾਰ ਤੋਂ ਵੀ ਬਾਹਰ ਸੀ । ਨਿਊਜੀਲੈਂਡ ਦੇ ਸਭ ਤੋਂ ਵੱਡੇ ਪਰਿਵਾਰਾਂ ਵਿੱਚੋਂ ਇੱਕ ਵਿਰਕ ਪਰਿਵਾਰ ਵਿੱਚੋਂ ਮਨਦੀਪ ਵਿਰਕ ਤੇ ਜੱਸਾ ਵਿਰਕ ਉਹਨਾਂ ਦੇ ਭਾਣਜੇ ਸਨ ।ਜਿਸ ਕਰਕੇ ਉਹ ਸਮੁੱਚੇ ਵਿਰਕ ਪਰਿਵਾਰ ਦੇ ਰਾਹੀਂ ਨਿਊਜੀਲੈੰਡ ਬਹੁਗਿਣਤੀ ਪੰਜਾਬੀ ਭਾਈਚਾਰੇ ਨਾਲ ਇੱਕ ਸਾਂਝ ਰੱਖਦੇ ਸਨ ।