ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣੇ ਨਾਲ ਸਬੰਧਤ ਸਪਨਾ ਬਾਲਦਾ ਜੂਨ 2019 ਵਿੱਚ ਮੈਸੀ ਯੂਨੀਵਰਸਿਟੀ ਵਿੱਚ ਆਪਣੀ ਪੋਸਟ ਗ੍ਰੇਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਨਿਊਜੀਲ਼ੈਂਡ ਆਈ ਸੀ ਤੇ ਜਨਵਰੀ 2020 ਵਿੱਚ ਉਸਦਾ ਪਤੀ ਵੀ ਨਿਊਜੀਲੈਂਡ ਉਸ ਕੋਲ ਆ ਗਿਆ। ਯੋਜਨਾ ਇਹ ਸੀ ਕਿ ਜਦੋਂ ਤੱਕ ਜੋੜਾ ਨਿਊਜੀਲੈਂਡ ਵਿੱਚ ਸੈੱਟ ਹੋਏਗਾ, ਤੱਦ ਤੱਕ ਕੁਝ ਮਹੀਨਿਆਂ ਲਈ ਉਨ੍ਹਾਂ ਦਾ ਪੁੱਤਰ ਵਿਦਯਾਂਸ਼ (ਉਸ ਵੇਲੇ ਉਮਰ 3 ਸਾਲ) ਉਹ ਆਪਣੇ ਨਾਨਾ-ਨਾਨੀ ਕੋਲ ਭਾਰਤ ਵਿੱਚ ਹੀ ਰਹੇਗਾ।
ਪਰ ਕਿਸਮਤ ਕੁਝ ਜਿਆਦਾ ਕਠੋਰ ਨਿਕਲੀ ਤੇ ਕੋਰੋਨਾ ਦਾ ਦੌਰ ਸ਼ੁਰੂ ਹੋ ਗਿਆ, ਜਿਸ ਕਰਕੇ ਬਾਰਡਰ ਬੰਦ ਹੋ ਗਏ ਤੇ ਵਿਦਯਾਂਸ਼ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਤੇ ਅਜੇ ਤੱਕ ਮਾਪਿਆਂ ਨੂੰ ਮਿਲ ਨਹੀਂ ਸਕਿਆ।
ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸੇ ਕਰਕੇ ਹੁਣ ਤੱਕ ਲਾਈਆਂ ਵੀਜੇ ਦੀਆਂ ਅਰਜੀਆਂ 3 ਵਾਰ ਰੱਦ ਹੋ ਚੁੱਕੀਆਂ ਹਨ।
ਇਮੀਗ੍ਰੇਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਵੀ ਉਹ ਵੀਜਾ ਨਹੀਂ ਦੇ ਸਕਦੇ, ਕਿਉਂਕਿ ਮਾਪਦੰਡ ਬਹੁਤ ਸਖਤ ਹਨ।
ਦੂਜੇ ਪਾਸੇ ਸਪਨਾ ਦਾ ਇਸ ਵੇਲੇ ਬੁਰਾ ਹਾਲ ਹੈ, ਜੋ ਆਪਣੇ ਪੁੱਤ ਦੇ ਚਾਰਾਂ ਚੋਂ 2 ਜਨਮ ਦਿਨਾਂ ਦਾ ਆਨੰਦ ਮਾਨਣ ਦਾ ਮੌਕਾ ਗੁਆ ਚੁੱਕੀ ਹੈ ਤੇ ਸਿਰਫ ਵੀਡੀਓ ਵਿੱਚ ਹੀ ਪੁੱਤ ਨੂੰ ਵੱਡਾ ਹੁੰਦਾ ਦੇਖ ਰਹੀ ਹੈ।
ਦੋਨੋਂ ਮੀਆਂ ਬੀਵੀ ਹੁਣ ਵਰਕ ਵੀਜੇ 'ਤੇ ਨਿਊਜੀਲੈਂਡ ਵਿੱਚ ਹਨ, ਪਰ ਉਨ੍ਹਾਂ ਦੇ ਮਨ ਨੂੰ ਇੱਕ ਪ੍ਰਤੀਸ਼ਤ ਦੀ ਖੁਸ਼ੀ ਹਾਸਿਲ ਨਹੀਂ ਹੋ ਰਹੀ, ਕਿਉਂਕਿ ਉਨ੍ਹਾਂ ਦੀ ਜਿੰਦਗੀ ਦਾ ਨਗੀਨਾ ਉਨ੍ਹਾਂ ਕੋਲ ਮੌਜੂਦ ਨਹੀਂ।
ਇਮੀਗ੍ਰੇਸ਼ਨ ਵਲੋਂ ਵੀਜਾ ਰੱਦ ਕੀਤੇ ਜਾਣ ਦਾ ਕਾਰਨ ਇੱਕ ਵਾਰ ਤਾਂ ਇਹ ਦੱਸਿਆ ਗਿਆ ਸੀ ਕਿ ਵਿਦਯਾਂਸ਼ ਨਿਊਜੀਲ਼ੈਂਡ ਵਿੱਚ ਪਹਿਲਾਂ ਕਦੇ ਨਹੀਂ ਰਿਹਾ ਤੇ ਦੂਜੀ ਵਾਰ ਇਹ ਦੱਸਿਆ ਗਿਆ ਕਿ ਉਸਦਾ ਵੀਜਾ ਨਿਊਜੀਲੈਂਡ ਆਉਣ ਤੋਂ ਪਹਿਲਾਂ ਹੀ ਖਤਮ ਹੋ ਚੁੱਕਾ ਹੈ।