ਹੈਲੀਕਾਪਟਰ ਪਾਇਲਟਾਂ ਨੇ ਬਚਾਈ ਕਈਆਂ ਦੀ ਜਾਨ
ਆਕਲੈਂਡ (ਹਰਪ੍ਰੀਤ ਸਿੰਘ) - ਤੂਫਾਨੀ ਤੇ ਤਬਾਹੀ ਮਚਾ ਦੇਣ ਤੋਂ ਬਾਅਦ ਆਖਿਰਕਾਰ ਕੈਂਟਰਬਰੀ ਵਿੱਚ ਮੌਸਮ ਨੂੰ ਲੈਕੇ ਸੁਧਾਰ ਦੇਖਣ ਨੂੰ ਮਿਲਿਆ ਹੈ। ਬਾਰਿਸ਼ ਸਬੰਧੀ ਰੈੱਡ ਅਲਰਟ ਜੋ ਕਿ ਕਈ ਦਹਾਕਿਆਂ ਵਿੱਚ ਸਿਰਫ ਦੂਜੀ ਵਾਰ ਜਾਰੀ ਹੋਇਆ ਸੀ, ਉਹ ਸਹੀ ਸਾਬਿਤ ਹੋਇਆ ਹੈ, ਕਿਉਂਕਿ ਇਸ ਤੂਫਾਨੀ ਮੌਸਮ ਦੌਰਾਨ 300 ਐਮ ਐਮ ਤੋਂ ਵਧੇਰੇ ਬਾਰਿਸ਼ ਹੋਈ ਦੱਸੀ ਜਾ ਰਹੀ ਹੈ, ਜਿਸ ਕਰਕੇ ਕਈ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣੇ ਪਏ, ਨਹਿਰਾਂ ਦੇ ਪੱਧਰ ਵੱਧ ਗਏ, ਕਈ ਪੁੱਲ ਟੁੱਟ ਗਏ ਤੇ 20 ਦੇ ਲਗਭਗ ਮੁੱਖ ਮਾਰਗ ਤੇ ਹਾਈਵੇਅ ਵੀ ਬੰਦ ਕਰਨੇ ਪਏ। ਹੁਣ ਤੱਕ ਇਸ ਤੂਫਾਨੀ ਮੌਸਮ ਕਰਕੇ ਸਰਕਾਰੀ ਤੇ ਨਿੱਜੀ ਪ੍ਰਾਪਰਟੀਆਂ ਦੇ ਕਰੋੜਾਂ ਡਾਲਰਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਸ ਕਰਕੇ ਅੱਜ ਕੈਂਟਰਬਰੀ ਦੇ 50 ਸਕੂਲ ਬੰਦ ਰੱਖਣ ਦੇ ਆਦੇਸ਼ ਸਨ ਤੇ ਪੂਰੇ ਕੈਂਟਰਬਰੀ ਵਿੱਚ ਸਟੇਟ ਆਫ ਐਮਰਜੇਂਸੀ ਐਲਾਨੀ ਗਈ ਸੀ।
ਇਸ ਖਰਾਬ ਮੌਸਮ ਦੌਰਾਨ ਹੜ੍ਹਾਂ ਦੇ ਪਾਣੀ ਵਿੱਚ ਫਸੇ ਕਈ ਜਣਿਆਂ ਨੂੰ ਐਮਰਜੇਂਸੀ ਵਿਭਾਗ ਦੇ ਹੈਲੀਕਾਪਟਰ ਵਲੋਂ ਬਚਾਏ ਜਾਣ ਦੀ ਵੀ ਖਬਰ ਹੈ।