ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ 26 ਸਾਲਾ ਐਸ਼ਲੀ ਯੰਗ ਜੋ ਕਿ ਵੀ ਟੀ ਐਨ ਜੈਡ ਦੀ ਵੈਸਟਗੇਟ ਦੀ ਬ੍ਰਾਂਚ ਵਿੱਚ ਕਾਰ ਦੀ ਫਿਟਨੈਸ ਦਾ ਸਰਟੀਫਿਕੇਟ ਲੈਣ ਗਈ ਸੀ, ਪਰ ਆਪਣੀ ਕਾਰ ਹੀ ਉੱਥੇ ਗੁਆ ਆਈ।
ਐਸ਼ਲੀ ਅਨੁਸਾਰ ਟੈਸਟਿੰਗ ਇੰਸਪੈਕਟਰ ਦੀ ਅਣਗਹਿਲੀ ਕਰਕੇ ਅਜਿਹਾ ਹੋਇਆ ਹੈ, ਕਿਉਂਕਿ ਇੰਸਪੈਕਟਰ ਨੇ ਚਾਬੀਆਂ ਸਮੇਤ ਹੀ ਕਾਰ ਨੂੰ ਖੁੱਲਾ ਛੱਡ ਦਿੱਤਾ, ਜਿਸ ਤੋਂ ਬਾਅਦ ਕਿਸੇ ਨੇ ਮੌਕਾ ਤਾੜਦਿਆਂ ਕਾਰ ਉੱਥੋਂ ਚੋਰੀ ਕਰ ਲਈ। ਘਟਨਾ ਬੀਤੇ ਸੋਮਵਾਰ ਦੁਪਹਿਰੇ 2 ਵਜੇ ਵਾਪਰੀ ਦੱਸੀ ਜਾ ਰਹੀ ਹੈ।
ਐਸ਼ਲੀ ਅਨੁਸਾਰ ਉਸ ਨੇ ਆਪਣੀ ਕਾਰ ਵਰਕਸ਼ਾਪ ਤੋਂ ਬਾਹਰ ਜਾਂਦੀ ਵੀ ਦੇਖੀ ਤੇ ਸੋਚਿਆ ਕਿ ਸ਼ਾਇਦ ਇਹ ਇਨਸਪੈਕਸ਼ਨ ਦਾ ਹਿੱਸਾ ਹੋਏਗਾ, ਪਰ ਬਾਅਦ ਵਿੱਚ ਇੰਸਪੈਕਟਰ ਨੇ ਉਸ ਨੂੰ ਦੱਸਿਆ ਕਿ ਕੋਈ ਉਸਦੀ ਗੱਡੀ ਚੋਰੀ ਕਰਕੇ ਲੈ ਗਿਆ ਹੈ।
ਹੁਣ ਐਸ਼ਲੀ ਦੀ ਮੰਗ ਹੈ ਕਿ ਵੀ ਟੀ ਐਨ ਜੈਡ ਉਸਦੀ ਚੋਰੀ ਹੋਈ ਕਾਰ ਦੀ ਭਰਪਾਈ ਕਰੇ।
ਵਰਕਸ਼ਾਪ ਵਿੱਚ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਿਆ ਹੈ ਤਾਂ ਜੋ ਚੋਰ ਦੀ ਪਛਾਣ ਹੋ ਸਕੇ ਜਾਂ ਉਸਦੀ ਤਸਵੀਰ ਜਾਰੀ ਕੀਤੀ ਜਾ ਸਕੇ।
ਐਸ਼ਲੀ ਦੀ ਗੱਡੀ ਮਜ਼ਦਾ 3 ਸੀ ਜੋ ਕਿ 2014 ਮਾਡਲ ਦੀ ਸੀ।