ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) - ਨਿਊਜ਼ੀਲੈਂਡ `ਚ ਪੰਜਾਬੀ ਮੂਲ ਦੀ ਇੱਕ ਔਰਤ ਦੇ ਜਨੇਪੇ ਪਿੱਛੋਂ ਡਾਕਟਰੀ ਸਟਾਫ ਪੈਡ ਕੱਢਣਾ ਹੀ ਭੁੱਲ ਗਿਆ। ਜਿਸ ਕਰਕੇ ਤਕਲੀਫ਼ ਹੋਣ ਪਿੱਛੋਂ 45 ਦਿਨ ਬਾਅਦ ਕੱਢਿਆ ਗਿਆ। ਹਾਲਾਂਕਿ ਹਸਪਤਾਲ ਵਾਲਿਆਂ ਨੇ ਮੁਆਫ਼ੀ ਮੰਗ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਧਾਨੀ ਵਲੰਿਗਟਨ ਦੇ ਲੋਅਰ ਹੱਟ ਨਾਲ ਸਬੰਧਤ ਹੈ ਜਿੱਥੇ 32 ਸਾਲਾ ਸੁਖਲੀਨ ਕੌਰ ਦੀ ਬੇਟੀ ਦਾ ਜਨਮ ਹੋਇਆ ਸੀ। ਹਾਲਾਂਕਿ ਉਹ ਖੁਸ਼ ਸੀ ਕਿ ਬੱਚੀ ਜਨਮ ਕੁਦਰਤੀ ਤਰੀਕੇ ਨਾਲ ਹੋਇਆ ਸੀ ਅਤੇ ਉਹ ਸੇਜੇਰੀਅਨ ਤੋਂ ਬਚ ਗਈ ਸੀ। ਪਰ ਕੁੱਝ ਦਿਨ ਬਾਅਦ ਉਸਨੂੰ ਇਨਫੈਕਸ਼ਨ ਕਰਕੇ ਤਕਲੀਫ ਹੋਣ ਲੱਗ ਪਈ ਹੈ। ਇਸ ਪ੍ਰੇਸ਼ਾਨੀ `ਚ ਉਸਨੂੰ ਭੱੁਖ ਲੱਗਣੋਂ ਵੀ ਹਟ ਗਈ ਸੀ। ਹਾਲਾਂਕਿ ਇਨਫੈਕਸ਼ਨ ਨੂੰ ਰੋਕਣ ਲਈ ਉਸਦੀ ਨਰਸ ਨੇ ਐਂਟੀ ਬਾਇਉਟੈਕ ਦਵਾਈਆਂ ਵੀ ਲਿਖ ਦਿੱਤੀਆਂ ਸਨ। ਪਰ ਇਸਦੇ ਬਾਵਜੂਦ ਠੀਕ ਨਾ ਹੋਣ ਪਿੱਛੋਂ ਡਾਕਟਰੀ ਪੇਸ਼ੇ `ਚ ਕੰਮ ਕਰਨ ਵਾਲੀ ਆਪਣੀ ਸਹੇਲੀ ਨਾਲ ਸਲਾਹ ਤੋਂ 45 ਦਿਨਾਂ ਬਾਅਦ ਉਸਨੇ ਜਦੋਂ ਆਪਣੇ ਜਨਰਲ ਪੈ੍ਰਕਟੀਸ਼ਨਰ ਕੋਲੋਂ ਚੈੱਕ-ਅੱਪ ਕਰਵਾਇਆ ਤਾਂ ਪਤਾ ਲੱਗਾ ਕਿ ਪੈਡ ਉਸਦੇ ਅੰਦਰ ਹੀ ਹੈ, ਜਿਸ ਕਰਕੇ ਇਨਫੈਕਸ਼ਨ ਪੈਦਾ ਹੋਈ ਸੀ।
ਉਧਰ, ਹੱਟ ਵੈਲੀ ਡਿਸਟ੍ਰਿਕ ਹੈੱਲਥ ਬੋਰਡ ਦੀ ਚੀਫ ਨਰਸਿੰਗ ਆਫੀਸਰ ਕਰਿਸ ਕੇਰ ਨੇ ਮਾਫੀ ਮੰਗਦਿਆਂ ਸਵੀਕਾਰ ਕਰ ਲਿਆ ਹੈ ਕਿ ਉਹ ਸਟੈਂਡਰਡ ਮੁਤਾਬਕ ਮਰੀਜ਼ ਦਾ ਖਿਆਲ ਨਹੀਂ ਰੱਖ ਸਕੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਰੀਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸਦੇ ਸਿੱਟਿਆਂ ਦੇ ਅਧਾਰ `ਤੇ ਸਾਵਧਾਨੀ ਰੱਖੀ ਜਾਵੇਗੀ ਤਾਂ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।