ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਕਰਕੇ ਬੰਦ ਪਏ ਕਾਰੋਬਾਰਾਂ ਦੇ ਨਤੀਜੇ ਵਜੋਂ ਬੇਰੁਜਗਾਰੀ ਦੀ ਦਰ ਰਿਕਾਰਡਤੋੜ ਪੱਧਰ 'ਤੇ ਪੁੱਜ ਗਈ ਸੀ, ਪਰ ਇਸ ਸਾਲ ਹਾਲਾਤ ਉਸਦੇ ਉਲਟ ਹਨ, ਕਿਉਂਕਿ ਇਸ ਵੇਲੇ ਕੋੋਰੋਨਾ ਮਹਾਂਮਾਰੀ ਤੋਂ ਪਹਿਲਾਂ ਨਾਲੋਂ ਵੀ ਜਿਆਦਾ ਕਰਮਚਾਰੀਆਂ ਦੀ ਲੋੜ ਸਬੰਧੀ ਇਸ਼ਤਿਹਾਰ ਦੇਖਣ ਨੂੰ ਮਿਲ ਰਹੇ ਹਨ।
ਇਹ ਕਰਮਚਾਰੀਆਂ ਘਾਟ ਸਿਰਫ ਇੱਕ ਕਾਰੋਬਾਰ ਵਿੱਚ ਨਹੀਂ, ਬਲਕਿ ਖੇਤੀਬਾੜੀ ਤੋਂ ਲੈਕੇ ਹਰ ਇੰਡਸਟਰੀ ਵਿੱਚ ਮਹਿਸੂਸ ਹੋ ਰਹੀ ਹੈ।
ਕਈ ਅਜਿਹੇ ਕਿੱਸੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਰੈਸਟੋਰੈਂਟ ਮਾਲਕਾਂ ਨੂੰ ਕਰਮਚਾਰੀਆਂ ਦੀ ਘਾਟ ਕਰਕੇ ਭਾਂਡੇ ਖੁਦ ਧੋਣੇ ਪੈ ਰਹੇ ਹਨ ਤੇ ਕਈ ਕੈਫੇ ਮਾਲਕ ਕਰਮਚਾਰੀਆਂ ਦੀ ਘਾਟ ਕਰਕੇ ਸਮੇਂ ਤੋਂ ਪਹਿਲਾਂ ਆਪਣੀਆਂ ਸ਼ਾਪਾਂ ਬੰਦ ਕਰਨ ਨੂੰ ਮਜਬੂਰ ਹਨ। ਖੇਤੀਬਾੜੀ ਕਾਰੋਬਾਰੀਆਂ ਨੂੰ ਪਰੂਨਿੰਗ ਤੇ ਫਲ ਤੋੜਣ ਲਈ ਕਰਮਚਾਰੀ ਨਹੀਂ ਮਿਲ ਰਹੇ।
ਨਿਊਜੀਲੈਂਡ ਇਸ ਵੇਲੇ ਲੇਬਰ ਦੀ ਭਾਰੀ ਸ਼ਾਰਟੇਜ ਹੈ। ਬੰਦ ਪਏ ਬਾਰਡਰ ਨੂੰ ਇਸ ਸ਼ਾਰਟੇਜ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਤੇ ਇਸ ਕਰਕੇ $20 ਬਿਲੀਅਨ ਦੇ ਕਾਰੋਬਾਰੀ ਰੈਵਿਨਿਊ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।