ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਬੀਤੇ ਦਿਨੀਂ ਐਲਾਨੀ 'ਕਲੀਨ ਕਾਰ' ਯੋਜਨਾ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਵਧੇਰੇ ਇਲੈਕਟ੍ਰਿਕ ਵਹੀਕਲ ਖ੍ਰੀਦਣ ਲਈ ਉਤਸ਼ਾਹਿਤ ਕਰਨ ਵਾਸਤੇ ਹਜਾਰਾਂ ਡਾਲਰ ਦਾ ਡਿਸਕਾਉਂਟ ਦੇਣ ਦੀ ਗੱਲ ਆਖੀ ਸੀ, ਪਰ ਇਸਦੇ ਨਾਲ ਹੀ ਹਾਈ ਕਾਰਬਨ ਅਮੀਸ਼ਨ ਪੈਦਾ ਕਰਨ ਵਾਲੀਆਂ ਗੱਡੀਆਂ ਜਿਵੇਂ ਕਿ ਯੂਟੀਈ ਸ਼੍ਰੇਣੀ ਆਦਿ ਦੀਆਂ ਗੱਡੀਆਂ ਦੀ ਗਿਣਤੀ ਘਟਾਉਣ ਦੇ ਲਈ ਜਨਵਰੀ 2022 ਤੋਂ ਨਵੀਂ ਫੀਸ ਲਾਉਣ ਦੀ ਗੱਲ ਆਖੀ ਗਈ ਸੀ।
ਇਸ ਬਦਲਾਅ ਦਾ ਮੁੱਖ ਮੰਤਵ ਨਿਊਜੀਲ਼ੈਂਡ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੁੱਕਿਆ ਗਿਆ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ ਯੂ ਟੀ ਈ ਸ਼੍ਰੇਣੀ ਜੋ ਕਿ ਕਾਰੋਬਾਰੀਆਂ ਅਤੇ ਖੇਤੀਬਾੜੀ ਸੰਬਧਤ ਲੋਕਾਂ ਨਾਲ ਬਹੁਤ ਹੀ ਉਪਯੋਗੀ ਵਹੀਕਲ ਸ਼੍ਰੇਣੀ ਹੈ, ਉਨ੍ਹਾਂ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਖੁਸ਼ੀ ਨਹੀਂ ਹੋਣੀ ਸੀ, ਇਸੇ ਲਈ ਜੈਸਿੰਡਾ ਆਰਡਨ ਨੇ ਇੱਕ ਸ਼ੋਅ ਦੌਰਾਨ ਦੱਸਿਆ ਕਿ ਕਾਰੋਬਾਰੀਆਂ ਦੀ ਇਸ ਚਿੰਤਾ ਨੂੰ ਦੂਰ ਕਰਨ ਲਈ ਟੋਯੋਟਾ ਆਉਂਦੇ 2 ਸਾਲਾਂ ਵਿੱਚ ਆਪਣਾ ਸਭ ਤੋਂ ਵੱਧ ਵਿਕਣ ਵਾਲਾ ਹਾਈਲਕਸ ਯੂਟੀਈ ਦਾ ਇਲ਼ੈਕਟ੍ਰਿਕ ਰੁਪਾਂਤਰਣ ਨਿਊਜੀਲੈਂਡ ਲਿਆ ਰਹੀ ਹੈ ਤੇ ਇਸੇ ਲਈ ਨਵੀਆਂ ਗੱਡੀਆਂ ਖ੍ਰੀਦਣ ਵਾਲੇ ਆਪਣੇ ਫੈਸਲੇ ਨੂੰ ਕੁਝ ਚਿਰ ਰੋਕ ਲੈਣ। ਪਰ ਟੋਯੋਟਾ ਵਲੋਂ ਇਸ ਤੱਥ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਤੇ ਉਸਦਾ ਕਹਿਣਾ ਹੈ ਕਿ ਨਿਊਜੀਲੈਂਡ ਵਿੱਚ ਆਉਂਦੇ 2 ਸਾਲਾਂ ਵਿੱਚ ਕੰਪਨੀ ਦਾ ਕੋਈ ਵੀ ਇਲੈਕਟ੍ਰਿਕ ਯੂਟੀਈ ਮਾਡਲ ਲਿਆਉਣ ਦਾ ਵਿਚਾਰ ਨਹੀਂ ਹੈ।
ਟੋਯੋਟਾ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਉਸ ਕਥਨ ਨੂੰ ਵੀ ਗੈਰ-ਜਿੰਮੇਦਾਰੀ ਭਰਿਆ ਦੱਸਿਆ ਗਿਆ ਹੈ, ਜਿਸ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਨਵੀਆਂ ਯੂ ਟੀ ਈ ਨਾ ਖ੍ਰੀਦਣ ਦੀ ਸਲਾਹ ਦਿੱਤੀ ਗਈ ਹੈ।