ਆਕਲੈਂਡ (ਅਵਤਾਰ ਸਿੰਘ ਟਹਿਣਾ) - ਨਿਊਜ਼ੀਲੈਂਡ `ਚ ਅੱਤਵਾਦ ਅਤੇ ਕੱਟੜਪੰਥੀ ਹਿੰਸਾ ਨੂੰ ਰੋਕਣ ਲਈ ਵਿਚਾਰਾਂ ਕਰਨ ਵਾਸਤੇ ਕ੍ਰਾਈਸਟਚਰਚ ਸ਼ਹਿਰ `ਚ ਤਿੰਨ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ ਹੋ ਗਈ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਤੋਂ ਇਲਾਵਾ ਮਨਿਸਟਰ, ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਅਤੇ ਹੋਰ ਮਾਹਿਰ ਆਪੋ-ਆਪਣੇ ਵਿਚਾਰ ਰੱਖ ਰਹੇ ਹਨ। ਉਸ ਵਿੱਚ ਸ਼ਮੂਲੀਅਤ ਕਰਨ ਲਈ ਸਿੱਖ ਭਾਈਚਾਰੇ ਦੇ ਪੰਜ ਨੁਮਾਇੰਦੇ ਵੀ ਪੁੱਜ ਚੁੱਕੇ ਹਨ, ਜਿਨ੍ਹਾਂ ਨੂੰ ਸਿੱਖ ਕਮਿਊਨਿਟੀ ਦੀ ਪ੍ਰਤੀਨਿਧਤਾ ਕਰਨ ਲਈ ਸੱਦਾ ਭੇਜਿਆ ਗਿਆ ਸੀ।
ਕ੍ਰਾਈਸਟਚਰਚ ਟਾਊਨ ਹਾਲ `ਚ ਬੀਤੇ ਕੱਲ੍ਹ 14 ਜੂਨ ਨੂੰ ਸ਼ੁਰੂ ਹੋਈ ਇਹ ਕਾਨਫਰੰਸ 16 ਜੂਨ ਤੱਕ ਚੱਲੇਗੀ। ਇਸ ਸ਼ਹਿਰ ਵਿੱਚ15 ਮਾਰਚ 2019 ਦੌਰਾਨ ਦੋ ਮਸਜਿਦਾਂ `ਤੇ ਆਸਟਰੇਲੀਆ ਮੂਲ ਦੇ ਇਕ ਗੋਰੇ ਕੱਟੜਪੰਥੀ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ 51 ਨਮਾਜ਼ੀਆਂ ਦੇ ਮਾਰੇ ਜਾਣ ਤੋਂ ਬਾਅਦ ਬਣਾਏ ਗਏ ਰੌਇਲ ਜਾਂਚ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਸੀ ਕਿ ਨਿਊਜ਼ੀਲੈਂਡ `ਚ ਅੱਤਵਾਦ ਦੇ ਸੰਭਾਵੀ ਖ਼ਤਰਿਆਂ `ਤੇ ਵਿਚਾਰ ਕਰਨ ਲਈ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦੀ ਸਲਾਨਾ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ `ਚ ਆਪਸੀ ਵਿਸ਼ਵਾਸ਼ ਪੈਦਾ ਹੁੰਦਾ ਰਹੇ ਅਤੇ ਸਾਰੇ ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕਣ।
ਜਿਸ ਕਰਕੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਅਤੇ ਹੋਰਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਜਿਸਦੇ ਤਹਿਤ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਤੇ ਖਜ਼ਾਨਚੀ ਰਣਵੀਰ ਸਿੰਘ ਲਾਲੀ ਤੋਂ ਇਲਾਵਾ ਵਰਪਾਲ ਸਿੰਘ,ਬਲਜੀਤ ਸਿੰਘ ਤਲਵਾਰ ਅਤੇ ਬਲਜੀਤ ਕੌਰ (ਵਾਇਟਾਕਰੇ) ਵੀ ਤਿੰਨ ਰੋਜ਼ਾ ਕਾਨਫਰੰਸ `ਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਜੋਂ ਭਾਗ ਲੈ ਰਹੇ ਹਨ। ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਅਤੇ ਵਿਸ਼ੇ ਨਾਲ ਸਬੰਧਤ ਮਾਹਿਰਾਂ ਵੱਲੋਂ ਲੈਕਰਚਰ ਦਿੱਤੇ ਜਾ ਰਹੇ ਹਨ ਅਤੇ ਵਰਕਸ਼ਾਪਾਂ ਵੀ ਲਾਈਆਂ ਜਾ ਰਹੀਆਂ ਹਨ।
ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਨੁਸਾਰ ਨਫ਼ਰਤੀ ਬੋਲ ਬੋਲਣ ਜਾਂ ਭੜਕਾਊ ਸ਼ਬਦ ਲਿਖਣ ਵਾਲੇ ਮੁੱਦੇ `ਤੇ ਵੀ ਚਰਚਾ ਚੱਲ ਰਹੀ ਹੈ। ਨਵੇਂ ਬਣਨ ਵਾਲੇ ਕਾਨੂੰਨ ਦੇ ਘੇਰੇੇ `ਚ ਧਰਮ ਅਤੇ ਜਾਤ ਨੂੰ ਲਿਆ ਗਿਆ ਹੈ। ਸਿੱਖ ਭਾਈਚਾਰਾ ਵੀ ਇਸਦੀ ਪੈਰਵੀ ਕਰ ਰਿਹਾ ਹੈ।
ਇਸ ਵਿੱਚ ਸਕਿਉਰਿਟੀ ਇਟੈਂਲੀਜ਼ੈਂਸ ਸਰਵਿਸਜ ਦੀ ਡਾਇਰੈਕਟਰ ਜਨਰਲ ਰੇਬੈਕਾ ਕਿਟਰਿਜ, ਪੁਲੀਸ ਦੇ ਨੈਸ਼ਨਲ ਸਕਿਉਰਿਟੀ ਸਲਾਹਕਾਰ ਕੈਮਰੋਨ ਬੇਅਲੇਅ, ਜਸਟਿਸ ਮਨਿਸਟਰ ਐਂਡਰੀਉ ਲਿਟਲ, ਕ੍ਰਾਈਸਟਚਰ ਦੀ ਮੇਅਰ ਲੀਐਨ ਡੈੈਲਜ਼ੀਅਨ, ਇਸਲਾਮਿਕ ਵੋਮੈਨਜ ਕੌਂਸਲ ਆਫ਼ ਨਿਊਜ਼ੀਲੈਂਡ ਦੀ ਅੰਜੁਮ ਰਹਿਮਾਨ,ਪੁਲੀਸ ਕਮਿਸ਼ਨਰ ਐਂਡਰੀਉ ਕੋਸਟਰ ਅਤੇ ਸੁਰੱਖਿਆ ਏਜੰਸੀਆਂ ਦੇ ਅਫ਼ਸਰ ਵੀ ਭਾਗ ਲੈ ਰਹੇ ਹਨ।