ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਦੀ ਅਗਵਾਹੀ ਵਾਲੀ ਲੇਬਰ ਸਰਕਾਰ ਆਰਥਿਕ ਅਤੇ ਇਮੀਗ੍ਰੇਸ਼ਨ ਵਾਲੇ ਮੁਹਾਜ਼ ਉੱਪਰ ਲਗਾਤਾਰ ਉਲਾਂਭੇ ਖੱਟ ਰਹੀ ਹੈ |
ਲੇਬਰ ਪਾਰਟੀ ਦਾ ਏਜੰਡਾ ਰਿਹਾ ਕਿ ਹਰ ਨਿਊਜ਼ੀਲੈਂਡ ਦੇ ਵਸਿੰਦੇ ਨੂੰ ਉਸਦੀ ਜੇਬ ਦੀ ਆਮਦਨ ਮੁਤਾਬਿਕ ਛੱਤ ਮਿਲੇ , ਪਰ ਇਸ ਬਾਰ ਇਸ ਲੇਬਰ ਸਰਕਾਰ ਵਲੋਂ ਕਿਸੇ ਠੋਸ ਨੀਤੀ ਦੀ ਅਣਹੋਂਦ ਕਰਕੇ ਸਮੁਚੇ ਗਣਿਤ ਸਰਮਾਏਦਾਰ ਲੋਕਾਂ ਦੇ ਫਿੱਟ ਬੈਠਦੇ ਨਜ਼ਰ ਆ ਰਹੇ ਹਨ |
ਰੀਅਲ ਇਸਟੇਟ ਇੰਸਟੀਟਿਊਟ ਦੇ ਐਕਟਿੰਗ ਮੁਖੀ ਵੈਂਡੀ ਅਲੇਕ੍ਸਐਂਡਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਿਚ ਆਕਲੈਂਡ ਦੇ ਮੁਕਾਬਲੇ ਆਕਲੈਂਡ ਤੋਂ ਬਾਹਰ ਘਰਾਂ ਦੀਆਂ ਕੀਮਤਾਂ ਜਿਆਦਾ ਵਧੀਆਂ ਹਨ |
ਤਾਜ਼ਾ ਅੰਕੜਿਆਂ ਅਨੁਸਾਰ ਜਿਥੇ ਪੂਰੇ ਮੁਲਕ ਭਰ ਵਿਚ ਔਸਤਨ ਘਰਾਂ ਦੀਆਂ ਕੀਮਤਾਂ ਮਈ 2020 ਤੋਂ ਲੈਕੇ ਮਈ 2021 ਤੱਕ ਔਸਤਨ 2 ਲੱਖ ਡਾਲਰ ਪ੍ਰਤੀ ਘਰ ਵੱਧ ਚੁੱਕੀਆਂ ਹਨ | ਉਹਨਾਂ ਅਨੁਸਾਰ ਜਿਥੇ ਆਕਲੈਂਡ ਵਿਚ ਇਹ ਵਾਧਾ 27 ਫ਼ੀਸਦ ਰਿਕਾਰਡ ਹੋਇਆ ਹੈ ਤੇ ਘਰ ਦੀ ਔਸਤਨ ਕੀਮਤ $1.148 ਮਿਲੀਅਨ ਦੇ ਰਿਕਾਰਡ ਅੰਕੜੇ ਤੇ ਪਹੁੰਚ ਚੁੱਕੀ ਹੈ | ਉਹਨਾਂ ਅਨੁਸਾਰ ਨੈਸ਼ਨਲ ਪੱਧਰ ਤੇ ਇਹ ਵਾਧਾ 32.3 ਫ਼ੀਸਦ ਰਿਕਾਰਡ ਹੋਇਆ ਹੈ ਤੇ ਨਿਊਜ਼ੀਲੈਂਡ ਦੇ ਔਸਤ ਘਰ ਹੁਣ 6 ਲੱਖ 20 ਹਾਜ਼ਰ ਡਾਲਰ ਤੋਂ ਛਾਲ ਮਾਰਕੇ 8 ਲੱਖ 20 ਡਾਲਰ ਤੱਕ ਪਹੁੰਚ ਚੁੱਕੇ ਹਨ |
ਤਾਰਾਨਾਕੀ 'ਚ 29 ਫ਼ੀਸਦ ,ਕੈਂਟਰਬਰੀ 'ਚ 26.5 ਫ਼ੀਸਦ ,ਵਾਈਕਾਟੋ 'ਚ ਉਕਤ ਵਾਧਾ 21.7 ਫ਼ੀਸਦ ਦਰਜ਼ ਕੀਤਾ ਗਿਆ ਹੈ |
ਵੈਂਡੀ ਅਲੇਕ੍ਸਐਂਡਰ ਅਨੁਸਾਰ ਮਾਰਕੀਟ ਅਜੇ ਵੀ ਕੋਲਿਆਂ ਉੱਪਰ ਮੱਘ ਰਹੀ ਹੈ | ਕੀਮਤਾਂ ਦੇ ਥੱਲੇ ਜਾਣ ਦੇ ਅਸਰ ਘੱਟ ਨਜ਼ਰ ਆ ਰਹੇ ਹਨ | ਉਹਨਾਂ ਅਨੁਸਾਰ ਇਸਦਾ ਕਾਰਨ ਇਹ ਹੈ ਕਿ ਡਿਮਾਂਡ ਨਾਲੋਂ ਸਪਲਾਈ ਬਹੁਤ ਘੱਟ ਹੈ | ਬੀਤੇ ਮਹੀਨੇ ਪੂਰੇ ਨਿਊਜ਼ੀਲੈਂਡ ਭਰ 'ਚ 15000 ਘਰ ਸੇਲ ਤੇ ਸਨ | ਜਦੋਂਕਿ ਖ਼ਰੀਦਦਾਰ ਇਸਤੋਂ ਤਕਰੀਬਨ ਤਿੰਨ ਗੁਣਾਂ ਜਿਆਦਾ ਸਨ |
ਨਿਊਜ਼ੀਲੈਂਡ ਵਿਚ ਘਰਾਂ ਦੀ ਕਿੱਲਤ ਦੇ ਮਸਲੇ ਨੂੰ ਸਰਕਾਰ ਸਿਰਫ ਬਿਆਨਾਂ ਤੱਕ ਮਹਿਦੂਦ ਰੱਖ ਰਹੀ ਹੈ | ਅਮਲੀ ਰੂਪ ਵਿਚ ਕੋਈ ਵੀ ਕੰਮ ਗਰਾਉਂਡ ਉੱਪਰ ਨਹੀਂ ਹੋ ਰਿਹਾ , ਕੌਂਸਲ ਦੀਆਂ ਵਧੇਰੇ ਫੀਸਾਂ ,ਕੰਸਟ੍ਰਕਸ਼ਨ ਖੇਤਰ ਵਿਚ ਕਾਮਿਆਂ ਦੀ ਘਾਟ , ਲੈਂਡ ਰਲੀਜ਼ ਨਾ ਕਰਨਾ ਅਤੇ ਛੋਟੇ ਘਰਾਂ ਨੂੰ ਬਣਾਉਣ ਦੀ ਗਿਣਤੀ ਵਿਚ ਵਾਧਾ ਨਾ ਕਰਨਾ ਅਹਿਮ ਹੈ |
ਇਸ ਸਾਰੇ ਲਈ ਅਸਰਦਾਰ ਯੋਜਨਾ ਦੀ ਜਰੂਰਤ ਦਰਪੇਸ਼ ਹੈ | ਜਿਸ ਲਈ ਸਰਕਾਰ ਹਾਲ ਦੀ ਘੜੀ ਤੱਕ ਅਸਫਲ ਨਜ਼ਰ ਆ ਰਹੀ ਹੈ |