ਆਕਲੈਂਡ (-ਅਵਤਾਰ ਸਿੰਘ ਟਹਿਣਾ) ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਨਿਊਜੀਲੈਂਡ ਫੌਜ ‘ਚ ਇੱਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਭਰਤੀ ਹੋ ਗਿਆ ਹੈ। ਜਿਸਦਾ ਪਰਿਵਾਰ ਬੱਕਲੈਂਡ ਬੀਚ ਆਕਲੈਂਡ ‘ਚ ਰਹਿੰਦਾ ਹੈ।
ਨਿਊਜੀਲੈਂਡ ਮੂਲ਼ ਦੇ ਪਹਿਲੇ ਪਗੜੀਧਾਰੀ ਗੋਰੇ ਸਿੱਖ ਨੌਜਵਾਨ ਲੂਈ ਸਿੰਘ ਖਾਸਲਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ਦਾ ਨਵਾਂ ਗਰੈਜੂਏਟ ਹੈ। ਜਿਸਨੇ ਵਾਇਓਰੂ ਮਿਲਟਰੀ ਕੈਂਪ ‘ਚ ਟਰੇਨਿੰਗ ਪੂਰੀ ਕੀਤੀ ਹੈ। ਜਿਸ ਪਿੱਛੋਂ ਉਹ ਫੌਜ ‘ਚ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ।
ਇਸ ਸਬੰਧ ‘ਚ ਹੋਰ ਜਾਣਕਾਰੀ ਦਿੰਦਿਆਂ ਆਕਲੈਂਡ ਦੀ ਕੋ-ਆਪ ਟੈਕਸੀ ਦੇ ਡਾਇਰੈਕਟਰ ਮਨਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਇਹ ਪਰਿਵਾਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੌੜ (ਨੇੜੇ ਖੇੜੀ ਨੌਧ ਸਿੰਘ) ਨਾਲ ਸਬੰਧਤ ਹੈ।
ਜਿਕਰਯੋਗ ਹੈ ਕਿ ਫੌਜ ‘ਚ ਪੱਗ ਨੂੰ ਸਨਮਾਨ ਦਿਵਾਉਣ ਵਾਲਾ ਲੂਈ ਸਿੰਘ ਖਾਲਸਾ ਵੀ ਹੈ, ਜੋ ਇੱਥੋਂ ਦੇ ਗੋਰੇ ਭਾਈਚਾਰੇ ਨਾਲ ਸਬੰਧਤ ਹੈ। ਉਹ ਪੰਜਾਬ ਜਾਣ ਪਿੱਛੋਂ ਅੰਮ੍ਰਿਤਧਾਰੀ ਸਿੰਘ ਬਣ ਕੇ ਕੁੱਝ ਸਮਾਂ ਪਹਿਲਾਂ ਨਿਊਜੀਲੈਂਡ ਫੌਜ ‘ਚ ਭਰਤੀ ਹੋਇਆ ਸੀ।