ਆਕਲੈਂਡ : ਅਵਤਾਰ ਸਿੰਘ ਟਹਿਣਾ
ਪਿਛਲੇ ਸਾਲ ਨਵੰਬਰ `ਚ ਲਾਗੂ ਹੋਈ ਨਵੀਂ ਪਾਲਿਸੀ ਤਹਿਤ ਸ਼ਰਤਾਂ ਸਪੱਸ਼ਟ ਨਾ ਹੋਣ ਕਰਕੇ ਗਲਤ ਢੰਗ ਨਾਲ ਜਾਰੀ ਹੋ ਚੁੱਕੇ ਵੀਜਿ਼ਆਂ ਦਾ ਮਾਮਲਾ ਉਮਬੱਡਸਮੈਨ ਦੀ ਕਚਿਹਰੀ ਤੱਕ ਪੱੁਜਣ ਪਿੱਛੋਂ ਹੁਣ ਨਿਊਜ਼ੀਲੈਂਡ ਦੀ ਇਮੀਗਰੇਸ਼ਨ ਅਜਿਹੇ ਵੀਜਿ਼ਆਂ ਨੂੰ ਸੋਧਣ ਲੱਗ ਪਈ ਹੈ। ਜਿਸ ਨਾਲ ਪੋਸਟ-ਸਟੱਡੀ ਵਰਕ ਵੀਜ਼ੇ ਵਾਲੇ ਢਾਈ ਸੌ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਫਾਇਦਾ ਹੋਣ ਦੀ ਆਸ ਹੈ, ਜਿਨ੍ਹਾਂ ਨੂੰ ਦੋ ਜਾਂ ਤਿੰਨ ਸਾਲ ਦੇ ਵੀਜ਼ੇ ਦੀ ਬਜਾਏ ਸਿਰਫ਼ ਇੱਕ ਸਾਲ ਦਾ ਪੋਸਟ-ਸਟੱਡੀ ਵੀਜ਼ਾ ਜਾਰੀ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ 2018 `ਚ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਨਵੰਬਰ 2020 `ਚ ਸ਼ੁਰੂ ਹੋਣ ਵਾਲੀ ਨਵੀਂ ਪੋਸਟ-ਸਟੱਡੀ ਵੀਜ਼ਾ ਪਾਲਿਸੀ ਨੂੰ ਲਾਗੂ ਕਰਨ ਲਈ ਦੋ ਸਾਲ ਦਾ ਟਰਾਂਜੀਸ਼ਨ ਪੀਰੀਅਡ ਦਿੱਤਾ ਜਾਵੇਗਾ। ਜਿਸਦਾ ਮਤਲਬ ਇਹ ਲਿਆ ਗਿਆ ਸੀ ਕਿ 8 ਅਗਸਤ 2018 ਤੱਕ ਜਿਨ੍ਹਾਂ ਕੋਲ ਸਟੂਡੈਂਟ ਵੀਜ਼ਾ ਸੀ ਜਾਂ ਲੈਵਲ 4 ਤੋਂ ਲੈਵਲ 10 ਤੱਕ ਜਿਨ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਅਪਰੂਵ ਹੋ ਚੁੱਕੀ ਸੀ, ਉਹ ਤਿੰਨ ਸਾਲ ਦੇ ਪੋਸਟ-ਸਟੱਡੀ ਵਰਕ ਵੀਜ਼ੇ ਲਈ ਯੋਗ ਮੰਨੇ ਜਾਣਗੇ। ਪਰ ਇਸਦੇ ਬਾਵਜੂਦ 8 ਅਗਸਤ 2018 ਨੂੰ ਅਪਲਾਈ ਕਰਨ ਵਾਲੇ ਦੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੋ ਜਾਂ ਤਿੰਨ ਸਾਲ ਦਾ ਵੀਜ਼ਾ ਦੇਣ ਦੀ ਬਜਾਏ ਇੱਕ ਸਾਲ ਦਾ ਹੀ ਵੀਜ਼ਾ ਦਿੱਤਾ ਗਿਆ ਸੀ। ਹਾਲਾਂਕਿ ਉਹ ਦੋ ਜਾਂ ਤਿੰਨ ਸਾਲ ਦਾ ਵੀਜ਼ਾ ਲੈਣ ਵਾਲੀ ਸ਼ਰਤ ਪੂਰੀ ਕਰਦੇ ਸਨ।
ਇਸ ਪਿੱਛੋਂ ਉਨ੍ਹਾਂ ਦੋਹਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਉਮਬੱਸਮੈਨ ਪੀਟਰ ਬੋਸ਼ੀਅਰ ਕੋਲ ਸਿ਼ਕਾਇਤ ਕਰ ਦਿੱਤੀ ਸੀ। ਪੜਤਾਲ ਕੀਤੇ ਜਾਣ ਪਿੱਛੋਂ ਸਾਹਮਣੇ ਆਇਆ ਕਿ ਇਮੀਗਰੇਸ਼ਨ ਨੇ ਅਸਲ ਪਾਲਿਸੀ ਨੂੰ ਸਹੀ ਢੰਗ ਨਾਲ ਸਪੱਸ਼ਟ ਨਹੀਂ ਸੀ ਕੀਤਾ। ਉਸ ਵੇਲੇ ਇਮੀਗਰੇਸ਼ਨ ਨੇ ਆਪਣੇ ਪੈਰੀਂ ਪਾਣੀ ਨਹੀਂ ਸੀ ਪੈਣ ਦਿੱਤਾ ਸਗੋਂ ਉਂਗਲ ਚੁੱਕ ਦਿੱਤੀ ਕਿ ਇਮੀਗਰੇਸ਼ਨ ਸਲਾਹਕਾਰਾਂ ਨੇ ਸਹੀ ਢੰਗ ਨਾਲ ਪਾਲਿਸੀ ਨੂੰ ਨਹੀਂ ਪੜ੍ਹਿਆ।
ਪਰ ਉਮਬਸਮੈਨ ਦਾ ਕਹਿਣਾ ਹੈ ਕਿ ਪਾਲਿਸੀ ਬਿਲਕੁਲ ਸਪੱਸ਼ਟ ਸੀ ਅਤੇ ਇਮੀਗਰੇਸ਼ਨ ਅਫ਼ਸਰਾਂ ਤੋਂ ਇਸ ਗੱਲ ਦੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਨਵੇਂ ਨਿਯਮਾਂ ਨੂੰ ਅੱਖੋਂ ਉਹਲੇ ਕਰਕੇ ਪੁਰਾਣੇ ਹਿਸਾਬ ਨਾਲ ਵੀਜ਼ੇ ਜਾਰੀ ਕਰਨ। ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਸ ਨਾਲ ਕਰੀਬ 500 ਲੋਕ ਪ੍ਰਭਾਵਿਤ ਹੋਏ ਸਨ।
ਉਧਰ, ਇਸ ਮਾਮਲੇ ਨੂੰ ਲੈ ਕੇ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਬਾਰਡਰ ਅਤੇ ਵੀਜ਼ਾ ਅਪਰੇਸ਼ਨਜ ਦੀ ਹੈੱਡ ਨਿਕੋਲਾ ਹੌਗ ਦਾ ਮੰਨਣਾ ਹੈ ਕਿ ਇਹ ਮਾਮਲਾ ਧਿਆਨ `ਚ ਆਉਣ ਤੋਂ ਬਾਅਦ 265 ਕੇਸ ਅਜਿਹੇ ਹਨ, ਜਿਨ੍ਹਾਂ ਨੂੰ ਯੋਗਤਾ ਨਾਲੋਂ ਘੱਟ ਸਮੇਂ ਦਾ ਵੀਜ਼ਾ ਦਿੱਤਾ ਗਿਆ ਹੈ। ਇਸ ਪਿੱਛੋਂ ਨਵੰਬਰ 2020 `ਚ ਪਾਲਿਸੀ ਸਬੰਧੀ ਹਦਾਇਤਾਂ `ਚ ਸੋਧ ਵੀ ਕੀਤੀ ਗਈ ਸੀ। ਨਵੀਂ ਸਿਰੇ ਤੋਂ ਕੇਸ ਵਿਚਾਰਨ ਤੋਂ ਬਾਅਦ ਹੁਣ ਤੱਕ 74 ਅਰਜ਼ੀਆਂ ਬਾਰੇ ਪੁਸ਼ਟੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਘੱਟ ਸਮੇਂ ਦਾ ਵੀਜ਼ਾ ਦਿੱਤਾ ਗਿਆ ਸੀ। ਜਿਨ੍ਹਾਂ `ਚ ਪੋਸਟ ਸਟੱਡੀ ਵਰਕ ਵੀਜ਼ੇ ਵਾਲੇ 57 ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਤਿੰਨ ਸਾਲ ਦਾ ਪੂਰਾ ਵੀਜ਼ਾ ਦਿੱਤਾ ਜਾਵੇਗਾ। ਭਾਵ ਜੇ ਕਿਸੇ ਨੂੰ ਪਹਿਲਾਂ ਇਕ ਸਾਲ ਵੀਜ਼ਾ ਜਾਰੀ ਹੋਇਆ ਹੈ ਤਾਂ ਉਸਦਾ ਦੋ ਸਾਲ ਦਾ ਵੀਜ਼ਾ ਹੋਰ ਵਧਾ ਦਿੱਤਾ ਜਾਵੇਗਾ। ਅਜਿਹੇ ਮਾਮਲਿਆਂ ਨਾਲ ਸਬੰਧਤ ਹੋਰ ਲੋਕਾਂ ਨੇ ਵੀ ਇਮੀਗਰੇਸ਼ਨ ਤੱਕ ਪਹੁੰਚ ਕੀਤੀ ਹੈ।