ਆਕਲੈਂਡ : ਅਵਤਾਰ ਸਿੰਘ ਟਹਿਣਾ
ਇੰਟਰਨੈਸ਼ਨਲ ਸਟੂਡੈਂਟਸ ਹੁਣ ਇਸ ਗੱਲ `ਤੇ ਜ਼ੋਰ ਪਾਉਣ ਲੱਗ ਪਏ ਹਨ ਕਿ ਇਮੀਗਰੇਸ਼ਨ ਨਿਊਜ਼ੀਲੈਂਡ ਆਪਣੀ ਗਲਤੀ ਲਈ ਮਾਫ਼ੀ ਮੰਗੇ, ਕਿਉਂਕਿ ਪਿਛਲੇ ਸਮੇਂ ਦੌਰਾਨ ਗਲਤ ਢੰਗ ਨਾਲ ਜਾਰੀ ਕੀਤੇ ਪੋਸਟ-ਸਟੱਡੀ ਵੀਜਿ਼ਆਂ ਨਾਲ ਕਈਆਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਸੀ। ਕਈਆਂ ਨੂੰ ਦੋ ਜਾਂ ਤਿੰਨ ਸਾਲ ਦੀ ਬਜਾਏ ਸਿਰਫ਼ ਇੱਕ ਸਾਲ ਦਾ ਹੀ ਵੀਜ਼ਾ ਦਿੱਤਾ ਗਿਆ ਸੀ ਅਤੇ ਕਈਆਂ ਨੂੰ ਕੋਰਾ ਜੁਆਬ ਦੇ ਦਿੱਤਾ ਗਿਆ ਸੀ। ਗਲਤ ਵਰਤਾਰੇ ਨਾਲ ਪੀੜਿਤ ਹੋਣ ਵਾਲੇ 265 ਇੰਟਰਨੈਸ਼ਨਲ ਸਟੂਡੈਂਟਸ `ਚ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗਰੇਸ਼ਨ ਦੀ ਅਣਗਹਿਲੀ ਦਾ ਸਿ਼ਕਾਰ ਹੋਣ ਵਾਲਿਆਂ `ਚ ਪੰਜਾਬੀ ਨੌਜਵਾਨ ਮਨਪ੍ਰੀਤ ਵੀ ਹੈ। ਜਿਸਨੇ ਨਵੀਂ ਪਾਲਿਸੀ ਲਾਗੂ ਹੋਣ ਵਾਲੀ ਤਾਰੀਕ 8 ਅਗਸਤ 2018 ਤੋਂ ਪਹਿਲਾਂ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਉਹ ਤਿੰਨ ਸਾਲ ਦੇ ਪੋਸਟ-ਸਟੱਡੀ ਵਰਕ ਵੀਜ਼ੇ ਦੇ ਯੋਗ ਸੀ। ਪਰ ਉਸਨੂੰ ਸਿਰਫ਼ ਇੱਕ ਸਾਲ ਦਾ ਹੀ ਵੀਜ਼ਾ ਦਿੱਤਾ ਗਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਉਸਦੇ ਦੋਸਤ ਨੇ ਵੀ ਉਸੇ ਦਿਨ ਪੜ੍ਹਾਈ ਸ਼ੁਰੂ ਕੀਤੀ ਸੀ ਤੇ ਉਸਨੂੰ ਤਿੰਨ ਸਾਲ ਦਾ ਵੀਜ਼ਾ ਮਿਲਿਆ ਸੀ। ਉਮਬੱਡਸਮੈਨ ਨੂੰ ਸਿ਼ਕਾਇਤ ਕਰਨ ਤੋਂ ਬਾਅਦ ਭਾਵੇਂ ਉਸਨੂੰ ਯਕੀਨ ਸੀ ਕਿ ਤਿੰਨ ਸਾਲ ਵਰਕ ਵੀਜ਼ਾ ਲੱਗ ਜਾਵੇਗਾ ਪਰ ਫ਼ੈਸਲੇ ਦੀ ਉਡੀਕ ਕਰਨ ਵਾਲਾ ਸਮਾਂ ਬਹੁਤ ਹੀ ਤਨਾਅ ਭਰਿਆ ਸੀ। ਉਸਨੂੰ ਗਿਲਾ ਹੈ ਕਿ ਹਰ ਦਿਨ ਨਿਊਜੀਲੈਂਡ ਦੇ ਰੂਲ ਬਦਲ ਜਾਂਦੇ ਹਨ। ਮਨਪ੍ਰੀਤ ਚਾਹੁੰਦਾ ਹੈ ਕਿ ਇਮੀਗਰੇਸ਼ਨ ਨੂੰ ਆਪਣੀ ਗਲਤੀ ਬਦਲੇ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਸਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ।
ਮਨਪ੍ਰੀਤ ਸਿੰਘ ਦੇ ਇਮੀਗਰੇਸ਼ਨ ਸਲਾਹਕਾਰ ਅਰਵਿੰਦ ਪੇਡਨੇਕਰ ਦਾ ਕਹਿਣਾ ਹੈ ਕਿ ਮਨਪ੍ਰੀਤ ਪਹਿਲਾਂ ਉਮਬੱਡਸਮੈਨ ਕੋਲ ਇਮੀਗਰੇਸ਼ਨ ਦੀ ਸਿ਼ਕਾਇਤ ਕਰਨ ਤੋਂ ਝਿਜਕਦਾ ਸੀ। ਪਰ ਹੁਣ ਉਮਬੱਡਸਮੈਨ ਦੇ ਵਧੀਆ ਫ਼ੈਸਲੇ ਨਾਲ ਕਾਫੀ ਹੌਂਸਲੇ `ਚ ਆ ਗਿਆ ਹੈ। ਅਰਵਿੰਦ ਦਾ ਕਹਿਣਾ ਹੈ ਕਿ ਜਦੋਂ ਉਸਨੇ ਇਮੀਗਰੇਸ਼ਨ ਤੋਂ ਪੁੱਛਿਆ ਸੀ ਕਿ ਮਨਪ੍ਰੀਤ ਨੂੰ ਵੀਜ਼ਾ ਇੱਕ ਸਾਲ ਦਾ ਕਿਉਂ ਦਿੱਤਾ ਗਿਆ ਹੈ? ਤਾਂ ਜਵਾਬ ਆਇਆ ਸੀ ਕਿ ਘੱਟ ਵੀਜ਼ਾ ਫੀਜ਼ੀ ਮੂ਼ਲ ਦੇ ਕੇਸ ਅਫ਼ਸਰ ਨੇ ਜਾਰੀ ਕੀਤਾ ਸੀ। ਅਰਵਿੰਦ ਅਨੁਸਾਰ ਇਮੀਗਰੇਸ਼ਨ ਦੇ ਇਸ ਫ਼ੈਸਲੇ ਨਾਲ ਬਹੁਤ ਵੱਡੀ ਗਿਣਤੀ `ਚ ਲੋਕ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਇਮੀਗਰੇਸ਼ਨ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਅਜਿਹਾ ਹੀ ਇਕ ਹੋਰ ਕੇਸ ਮਨਦੀਪ ਸਿੰਘ ਦਾ ਹੈ। ਜਿਸਨੇ 8 ਅਗਸਤ 2018 ਤੋਂ ਬਾਅਦ ਪੋਸਟ-ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਪਰ ਉਸਨੂੰ ਵੀਜ਼ਾ ਨਹੀਂ ਦਿੱਤਾ ਸੀ। ਹਾਲਾਂਕਿ ਉਹ ਵੀ ਇੱਕ ਤੋਂ ਲੈ ਤਿੰਨ ਸਾਲ ਤੱਕ ਦੇ ਵੀਜ਼ੇ ਲਈ ਯੋਗ ਸੀ। ਉਸਨੇ ਵੀਜ਼ਾ ਅਰਜ਼ੀ ਦੇਣ ਤੋਂ ਪਹਿਲਾਂ ਕਈ ਵਾਰ ਇਮੀਗਰੇਸ਼ਨ ਦਫ਼ਤਰ ਫ਼ੋਨ ਕਰਕੇ ਯਕੀਨੀ ਵੀ ਬਣਾਇਆ ਸੀ ਕਿ ਉਸਨੂੰ ਵੀਜ਼ਾ ਮਿਲ ਜਾਵੇਗਾ। ਪਰ ਜਦੋਂ ਉਸਨੇ ਸਟੱਡੀ ਖ਼ਤਮ ਕਰਕੇ ਵੀਜ਼ਾ ਪਾਇਆ ਤਾਂ ਇਮੀਗਰੇਸ਼ਨ ਨੇ ਕਹਿ ਦਿੱਤਾ ਕਿ ਉਹ ਨਵੇਂ ਮਾਪਦੰਡ ਪੂਰੇ ਨਹੀਂ ਕਰਦਾ। ਮਨਦੀਪ ਦਾ ਕਹਿਣਾ ਹੈ ਕਿ ਉਸਨੂੰ ਤਿੰਨ ਵਾਰ ਵੀਜ਼ਾ ਅਪਲਾਈ ਕਰਨ ਲਈ 2 ਹਜ਼ਾਰ ਡਾਲਰ ਖ਼ਰਚ ਕਰਨੇ ਪਏ।
ਦੂਜੇ ਪਾਸੇ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਦੇ ਇਕ ਸਪੋਕਸਪਰਸਨ ਦਾ ਕਹਿਣਾ ਹੈ ਕਿ ਉਹ ਉਮਬੱਡਸਮੈਨ ਦੇ ਫ਼ੈਸਲੇ ਤੋਂ ਜਾਣੂ ਹਨ ਅਤੇ ਇਹ ਇਕ ਅਪਰੇਸ਼ਨ ਮੈਟਰ ਹੈ। ਜਿਸ ਬਾਰੇ ਇਮੀਗਰੇਸ਼ਨ ਮਨਿਸਟਰ ਨੇ ਇਮੀਗਰੇਸ਼ਨ ਦਫ਼ਤਰ ਨਾਲ ਗੱਲ ਕੀਤੀ ਹੈ।