ਆਕਲੈਂਡ : ਅਵਤਾਰ ਸਿੰਘ ਟਹਿਣਾ
ਲੇਬਰ ਪਾਰਟੀ ਦੇ ਆਗੂ ਵੀ ਹੁਣ ਆਪਣੇ ਮਨ ਦੀ ਭੜਾਸ ਕੱਢ ਕੇ ਮਾਈਗਰੈਂਟਸ ਦੇ ਹੱਕਾਂ ਲਈ ਮੈਦਾਨ `ਚ ਆਉਣ ਲੱਗ ਪਏ ਹਨ। ਉਹ ਮਹਿਸੂਸ ਕਰਨ ਲੱਗ ਪਏ ਹਨ ਕਿ ਪਿਛਲੇ ਸਵਾ ਸਾਲ ਤੋਂ ਬਾਰਡਰ ਬੰਦ ਹੋਣ ਨਾਲ ਟੈਂਪਰੇਰੀ ਵੀਜ਼ੇ ਵਾਲਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਲੇਬਰ ਪਾਰਟੀ ਦੇ ਆਗੂ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਮੂੰਹ ਖੋਲ੍ਹਣ ਲੱਗ ਪਏ ਹਨ।
ਲੇਬਰ ਪਾਰਟੀ ਦੇ ਮਲਟੀ-ਕਲਚਰਲ ਵਿੰਗ ਦੀ ਕ੍ਰਾਈਸਟਚਰ ਬ੍ਰਾਂਚ ਦੇ ਪ੍ਰਧਾਨ ਨਰਿੰਦਰ ਸਿੰਘ ਵੜੈਚ ਨੇ ਖੁੱਲ੍ਹ ਕੇ ਮੈਦਾਨ `ਚ ਆਉਣ ਦੀ ਜੁਅਰਤ ਕੀਤੀ ਹੈ ਅਤੇ ਸਰਕਾਰ `ਤੇ ਵੱਲ ਕਈ ਤਿੱਖੇ ਸਵਾਲਾਂ ਦੇ ‘ਤੀਰ’ ਛੱਡੇ ਹਨ। ਉਨ੍ਹਾਂ ਰੋਸ ਪ੍ਰਗਟ ਕੀਤਾ ਹੈ ਕਿ ਮੌਜੂਦਾ ਲੇਬਰ ਸਰਕਾਰ ਅਤੇ ਪਹਿਲੀਆਂ ਸਰਕਾਰਾਂ ਮਾਈਗਰੈਂਟਸ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਕਰਦੀਆਂ ਰਹੀਆਂ ਹਨ। ਹਾਲਾਂਕਿ ਮਾਈਗਰੈਂਟਸ ਲੰਬੇ ਸਮੇਂ ਤੋਂ ਨਿਊਜ਼ੀਲੈਂਡ `ਚ ਰਹਿ ਕੇ ਤਨ-ਮਨ-ਧਨ ਨਾਲ ਦੇਸ਼ ਦੇ ਵਿਕਾਸ `ਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਮਾਈਗਰੈਂਟਸ ਨੂੰ ਰੀੜ੍ਹ ਦੀ ਹੱਡੀ ਦਸਦਿਆਂ ਕਿਹਾ ਹੈ ਕਿ ਮਾਈਗਰੈਂਟਸ ਵੀ ‘ਮਨੁੱਖ’ ਹਨ,ਜੋ ਪਾਏਦਾਰ ਇਮੀਗਰੇਸ਼ਨ ਪਾਲਿਸੀ ਦੇ ਹੱਕਦਾਰ ਹਨ। ਇਸ ਮਾਮਲੇ ਨੂੰ ਲੈ ਕੇ ਉਹ ਕਈ ਵਾਰ ਲੇਬਰ ਪਾਰਟੀ ਅੰਦਰ ਮਾਮਲਾ ਉਠਾ ਚੁੱਕੇ ਹਨ ਪਰ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਇੱਥੋਂ ਤੱਕ ਕਿ ਚੰਗੇ ਸੁਨੇਹੇ ਵਾਲਾ ਕੋਈ ਐ਼ਲਾਨ ਵੀ ਸਰਕਾਰ ਨੇ ਮਾਈਗਰੈਂਟਸ ਦੇ ਹੱਕ `ਚ ਨਹੀਂ ਕੀਤਾ।
ਬਰਾਂਚ ਪ੍ਰਧਾਨ ਵੜੈਚ ਨੇ ਕਿਹਾ ਕਿ ਉਹ ਇਮੀਗਰੇਸ਼ਨ ਦੇ ਨਵੇਂ ਫ਼ੈਸਲਿਆਂ ਤੋਂ ਵੀ ਬੇਹੱਦ ਨਿਰਾਸ਼ ਹਨ। ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦਰਦ ਹੈ ਕਿ ਬਾਰਡਰ ਬੰਦ ਹੋਣ ਨਾਲ ਟੈਂਪਰੇਰੀ ਵੀਜਿ਼ਆਂ ਵਾਲੇ ਨਿਊਜ਼ੀਲੈਂਡ ਤੋਂ ਬਾਹਰ ਫਸੇ ਬੈਠੇ ਹਨ। ਡੇਢ ਸਾਲ ਤੋਂ ਪਰਿਵਾਰਕ ਮੈਂਬਰ ਇਕ ਦੂਜੇ ਨੂੰ ਮਿਲਣ ਲਈ ਤਰਸ ਰਹੇ ਹਨ। ਕਈ ਮਾਵਾਂ ਆਪਣੇ ਛੋਟੇ-ਛੋਟੇ ਬੱਚਿਆਂ ਤੋਂ ਦੂਰ ਹੋਈਆਂ ਬੈਠੀਆਂ ਹਨ ਅਤੇ ਕਈ ਨਵ-ਵਿਆਹੇ ਜੋੜੇ ਇਕ ਦੂਜੇ ਨੂੰ ਮਿਲਣ ਲਈ ਤਰਸ ਰਹੇ ਹਨ ਪਰ ਸਰਕਾਰ ਇਸ ਗੱਲ ਦੀ ਭੋਰਾ ਪ੍ਰਵਾਹ ਨਹੀਂ ਕਰ ਰਹੀ। ਉਨ੍ਹਾਂ ਸਕਿਲਡ ਮਾਈਗਰੈਂਟਸ ਕੈਟਾਗਿਰੀ ਦੇ ਮੁੱਦੇ `ਤੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਕਿ ਪਿਛਲੇ ਸਾਲ ਤੋਂ ਐਕਪ੍ਰੈਸ਼ਨ ਆਫ ਇੰਟਰੱਸਟ ਦੀਆਂ ਐਪਲੀਕੇਸ਼ਨਜ ਲੈਣ ਵਾਲੇ ਪ੍ਰਾਸੈੱਸ ਨੂੰ ਸਸਪੈਂਡ ਕੀਤੇ ਜਾਣ ਨਾਲ ਸਕਿਲਡ ਵਰਕਰਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਵੜੈਚ ਨੇ ਕ੍ਰਾਈਸਟਚਰ ਦਾ ਵਿਸ਼ੇਸ਼ ਜਿ਼ਕਰ ਕਰਦਿਆਂ ਕਿਹਾ ਕਿ ਭੂਚਾਲ ਨਾਲ ਨੁਕਸਾਨੇ ਗਏ ਕ੍ਰਾਈਸਟਚਰਚ ਸਿਟੀ ਦੇ ਮੁੜ-ਨਿਰਮਾਣ ਲਈ ਵੀ ਮਾਈਗਰੈਂਟਸ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸ ਕਰਕੇ ਹੁਣ ਸਮਾਂ ਹੈ ਕਿ ਸਰਕਾਰ ਹਮਦਰਦੀ ਅਤੇ ਨਰਮ ਦਿਲੀ ਵਿਖਾ ਕੇ ਮਾਈਗਰੈਂਟਸ ਦੇ ਹੱਕ `ਚ ਫ਼ੈਸਲਾ ਲਵੇ ਤਾਂ ਜੋ ਸੈਂਕੜੇ ਪੰਜਾਬੀ ਨੂੰ ਸੁਖ ਦਾ ਸਾਹ ਆ ਸਕੇ, ਜਿਨ੍ਹਾਂ ਚੋਂ ਕਈ ਇੰਡੀਆ `ਚ ਫਸੇ ਬੈਠੇ ਹਨ।