ਆਕਲੈਂਡ (ਹਰਪ੍ਰੀਤ ਸਿੰਘ) - ਮੈੱਟਸਰਵਿਸ ਵਾਲਿਆਂ ਨੇ ਅੱਜ ਨਾਰਥ ਆਈਲੈਂਡ ਲਈ ਬਰਫਬਾਰੀ ਤੇ ਕੜਾਕੇ ਦੀ ਠੰਢ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਮੌਸਮ ਦਾ ਇਹ ਵਰਤਾਰਾ 'ਐਂਟਾਰਕਟੀਕ ਬਲਾਸਟ' ਦਾ ਨਤੀਜਾ ਦੱਸਿਆ ਜਾ ਰਿਹਾ ਹੈ।
ਸਾਊਥ ਆਈਲੈਂਡ ਵਿੱਚ ਤੂਫਾਨੀ ਹਵਾਵਾਂ ਤੇ ਬਰਫ ਦੀ ਮੋਟੀ ਚਾਦਰ ਕਰਕੇ ਕਈ ਉਡਾਣਾ ਦੇ ਰੱਦ ਕੀਤੇ ਜਾਣ ਤੇ ਸੜਕਾਂ ਦੇ ਬੰਦ ਕੀਤੇ ਜਾਣ ਦੀ ਖਬਰ ਹੈ ਤੇ ਇਹ ਖਰਾਬ ਮੌਸਮ ਹੁਣ ਨਾਰਥ ਆਈਲੈਂਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਰਾਜਧਾਨੀ ਵਿੱਚ ਜਿੱਥੇ ਗੜ੍ਹੇਮਾਰੀ ਦੇਖਣ ਨੂੰ ਮਿਲੀ, ਉੱਥੇ ਹੀ ਉੱਤਰ ਦੇ ਬਹੁਤੇ ਹਿੱਸਿਆਂ ਵਿੱਚ ਬਰਫਬਾਰੀ ਵੀ ਦੇਖਣ ਨੂੰ ਮਿਲੀ।
ਰਾਜਧਾਨੀ ਦੀ ਕੋਸਟਲਾਈਨ ਦੇ ਨਾਲ ਰਹਿੰਦੇ ਰਿਹਾਇਸ਼ੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ, ਕਿਉਂਕਿ ਸਮੁੰਦਰੀ ਕੰਢਿਆਂ 'ਤੇ 6 ਮੀਟਰ ਤੱਕ ਉੱਚੀਆਂ ਲਹਿਰਾਂ ਪੈਦਾ ਹੋ ਸਕਦੀਆਂ ਹਨ। ਇਸਦੇ ਨਾਲ ਹੀ ਨਿਊਜੀਲੈਂਡ ਦੇ ਜਿਆਦਾਤਰ ਹਿੱਸਿਆਂ ਲਈ ਬਰਫਬਾਰੀ ਦੀ ਚੇਤਾਵਨੀ ਵੀ ਅਮਲ ਵਿੱਚ ਹੈ ਤੇ ਕਾਰ ਚਾਲਕਾਂ ਨੂੰ ਸੜਕਾਂ 'ਤੇ ਸਤਰਕ ਰਹਿਣ ਦੀ ਹਿਦਾਇਤ ਵੀ ਦਿੱਤੀ ਗਈ ਹੈ।