ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਉਪਨਗਰ ਮਾਈਰਾਮਾਰ ਤੋਂ ਇੱਕ ਅਜਿਹੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਸ਼ਾਇਦ ਸਾਰੇ ਹੀ ਮਾਪੇ ਘਬਰਾ ਜਾਣ।
ਦਰਅਸਲ ਇਸ ਉਪਨਗਰ ਵਿੱਚ ਰਹਿੰਦੀ ਇੱਕ 10 ਸਾਲਾ ਬੱਚੀ ਨੂੰ ਸਕੂਲ ਦੇ ਡਰਾਈਵਰ ਵਲੋਂ ਸਕੂਲ ਦੀ ਥਾਂ ਕਿਸੇ ਹੋਰ ਅਨਜਾਣ ਥਾਂ ਉਤਾਰ ਦਿੱਤਾ ਗਿਆ। ਪਰ ਭਲਾ ਹੋਏ ਇੱਕ ਅਨਜਾਣ ਸ਼ਖਸ ਦਾ ਜਿਸ ਨੇ ਬੱਚੀ ਨੂੰ ਦੁਬਾਰਾ ਸੁਰੱਖਿਅਤ ਸਕੂਲ ਵਿੱਚ ਛੱਡ ਦਿੱਤਾ।
ਬੱਚੀ ਦੀ ਮਾਂ ਨੇ ਦੱਸਿਆ ਕਿ ਬੱਚੀ ਬੱਸ ਵਿੱਚ ਇੱਕ ਕਿਤਾਬ ਪੜ੍ਹਣ ਵਿੱਚ ਮਗਨ ਸੀ ਤੇ ਉਹ ਆਪਣੇ ਸਕੂਲ ਦੇ ਸਟਾਪ 'ਤੇ ਉਤਰਣਾ ਭੁੱਲ ਗਈ। ਬੱਸ ਡਰਾਈਵਰ ਜਦੋਂ ਅਗਲੇ ਰੂਟ ਲਈ ਤੁਰ ਪਿਆ ਤਾਂ ਕੁਝ ਸਮੇਂ ਬਾਅਦ ਉਸਨੇ ਬੱਚੀ ਨੂੰ ਬੱਸ ਵਿੱਚ ਬੈਠੀ ਦੇਖਿਆ ਤੇ ਬੱਸ ਨੂੰ ਕਿਨਾਰੇ ਖੜਾ ਕਰ ਬੱਚੀ ਨੂੰ ਕਿਸੇ ਅਨਜਾਣ ਉਪਨਗਰ ਵਿੱਚ ਉਤਾਰ ਦਿੱਤਾ।
ਬਾਰਿਸ਼ ਵਿੱਚ ਰੌਂਦੀ-ਕੁਰਲਾਉਂਦੀ ਬੱਚੀ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਉਹ ਕੀ ਕਰੇ, ਪਰ ਅਚਾਨਕ ਮੌਕੇ 'ਤੇ ਪੁੱਜੇ ਇੱਕ ਸ਼ਖਸ ਨੇ ਬੱਚੀ ਦੇ ਘਰ ਫੋਨ ਕੀਤੇ ਤੇ ਬੱਚੀ ਦੇ ਮਾਪਿਆਂ ਨੂੰ ਸਾਰੇ ਪ੍ਰਸਥਿਤੀ ਬਾਰੇ ਜਾਣਕਾਰੀ ਦਿੱਤੀ, ਇਨ੍ਹਾਂ ਹੀ ਨਹੀਂ ਉਹ ਸ਼ਖਸ ਬੱਚੀ ਨੂੰ ਸਕੂਲ਼ ਵੀ ਛੱਡ ਕੇ ਆਇਆ।
ਇਸ ਘਟਨਾ ਤੋਂ ਬਾਅਦ ਮੈਟਲੰਿਕ ਤੇ ਐਨ ਜੈਡ ਬੱਸ ਨੇ ਬੱਚੀ ਦੇ ਮਾਪਿਆਂ ਤੋਂ ਈ-ਮੇਲ ਭੇਜ ਕੇ ਮੁਆਫੀ ਮੰਗੀ ਹੈ ਤੇ ਇਹ ਵੀ ਮੰਨਿਆ ਕਿ ਬੱਚੀ ਦੇ ਮਾਮਲੇ ਵਿੱਚ ਡਰਾਈਵਰ ਨੇ ਵੱਡੀ ਅਣਗਹਿਲੀ ਵਰਤੀ ਤੇ ਉਸ 'ਤੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ।