ਆਕਲੈਂਡ (ਹਰਪ੍ਰੀਤ ਸਿੰਘ) - ਰੈਗੁਲਰ ਬੈੱਡਾਂ ਦੀ ਆਈ ਘਾਟ ਕਰਕੇ ਮਿਡਲਮੋਰ ਹਸਪਤਾਲ ਵਿੱਚ 11 ਬਿਮਾਰ ਬੱਚਿਆਂ ਦਾ ਇਲਾਜ ਪਲੇਅਰੂਮ ਵਿੱਚ ਕੀਤਾ ਜਾ ਰਿਹਾ ਹੈ, ਇਨ੍ਹਾਂ ਹੀ ਨਹੀਂ ਵੱਡੇ ਬੱਚਿਆਂ ਲਈ ਵੀ ਬੈੱਡਾਂ ਅਤੇ ਥਾਂ ਦੀ ਘਾਟ ਹੈ ਤੇ ਇਸੇ ਕਰਕੇ ਹਸਪਤਾਲ ਪ੍ਰਸ਼ਾਸ਼ਣ ਇਸ ਦੁਚਿੱਤੀ ਵਿੱਚ ਹੈ ਕਿ ਕਿਸ ਮਰੀਜ ਨੂੰ ਭਰਤੀ ਕੀਤਾ ਜਾਏ ਤੇ ਕਿਸ ਮਰੀਜ ਦਾ ਇਲਾਜ ਘਰਾਂ ਵਿੱਚ ਰੱਖ ਕੇ ਹੀ ਕੀਤਾ ਜਾਏ।
ਬੈੱਡਾਂ ਦੀ ਇਹ ਘਾਟ ਚੱਲ ਰਹੀ ਕੰਸਟਰਕਸ਼ਨ ਕਰਕੇ ਮਹਿਸੂਸ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਹਸਪਤਾਲ ਵਿੱਚ ਸਾਹ ਦੀ ਬਿਮਾਰੀ ਸਬੰਧੀ ਮਰੀਜਾਂ ਦੀ ਗਿਣਤੀ ਵਿੱਚ ਵੀ ਇੱਕੋ-ਦਮ ਵਾਧਾ ਹੋ ਗਿਆ ਹੈ।
ਕਾਉਂਟੀ ਮੈਨੂਕਾਊ ਡਿਸਟ੍ਰਿਕਟ ਬੋਰਡ ਅਨੁਸਾਰ ਹਸਪਤਾਲ ਵਿੱਚ ਪਹਿਲਾਂ 26 ਨਿਓਨੇਟਲ ਤੇ ਪੈਡੀਏਟਰਿਕ ਬੈੱਡਾਂ ਦੀ ਘਾਟ ਸੀ, ਪਰ ਮਰੀਜਾਂ ਦੀ ਅਚਾਨਕ ਵਧੀ ਗਿਣਤੀ ਕਰਕੇ ਹਸਪਤਾਲ ਨੂੰ 11 ਬੈੱਡ ਪਲੇਅਰੂਮ ਵਿੱਚ ਲਾਉਣੇ ਪਏ। ਇਸ ਕਰਕੇ ਐਮਰਜੇਂਸੀ ਵਿਭਾਗ 'ਤੇ ਵੀ ਬੋਝ ਬਣ ਰਿਹਾ ਹੈ, ਕਿਉਂਕਿ ਐਮਰਜੇਂਸੀ ਵਿੱਚ ਇਲਾਜ ਕਰਵਾ ਰਹੇ ਬੱਚਿਆਂ ਨੂੰ ਬੈੱਡ ਖਾਲੀ ਹੋਣ ਤੱਕ ਉਡੀਕ ਕਰਨੀ ਪੈ ਰਹੀ ਹੈ ਤੇ ਇਸ ਕਰਕੇ ਈ ਡੀ 'ਤੇ ਦਬਾਅ ਲਗਾਤਾਰ ਬਣ ਰਿਹਾ ਹੈ।
ਅਜਿਹੇ ਵਿੱਚ ਇਹ ਸੁਆਲ ਵੀ ਉੱਠਣੇ ਸ਼ੁਰੂ ਹੋ ਗਏ ਹਨ, ਕਿ ਜਦੋਂ ਸਰਦੀਆਂ ਵਿੱਚ ਬਿਮਾਰਾਂ ਦੀ ਗਿਣਤੀ ਵੱਧਦੀ ਹੈ ਤਾਂ ਇਸ ਵੇਲੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਨ ਦੀ ਕੀ ਲੋੜ ਸੀ।