ਆਕਲੈਂਡ (ਹਰਪ੍ਰੀਤ ਸਿੰਘ) - ਨਵੀਂ ਬਾਰਡਰ ਅਗਜੰਪਸ਼ਨ ਨੀਤੀ ਤਹਿਤ ਨਿਊਜੀਲੈਂਡ ਸਰਕਾਰ 300 ਵਿਦੇਸ਼ੀ ਅਧਿਆਪਕਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦੇਣ ਜਾ ਰਹੀ ਹੈ। ਇਹ ਫੈਸਲਾ ਉਨ੍ਹਾਂ ਸਕੂਲਾਂ ਤੇ ਆਰਲੀ ਐਜੁਕੇਸ਼ਨ ਸੇਵਾਵਾਂ ਲਈ ਸਹਾਇਕ ਮੰਨਿਆ ਜਾ ਰਿਹਾ ਹੈ, ਜੋ ਇਸ ਵੇਲੇ ਅਧਿਆਪਕਾਂ ਦੀ ਘਾਟ ਮਹਿਸੂਸ ਕਰ ਰਹੇ ਹਨ।
ਮਨਿਸਟਰੀ ਆਫ ਐਜੁਕੇਸ਼ਨ ਵੀ ਇਸ ਵਿੱਚ ਸਹਾਇਕ ਹੋਏਗੀ ਤੇ ਅਧਿਆਪਕਾਂ ਲਈ ਅਰਜੀਆਂ ਸਤੰਬਰ ਤੋਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਅਧਿਆਪਕ ਬਾਰਡਰ ਬੰਦ ਹੋਣ ਕਰਕੇ ਬਾਹਰ ਫੱਸ ਗਏ ਸਨ, ਉਹ ਵੀ ਇਸ ਤਹਿਤ ਅਪਲਾਈ ਕਰ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਹੈ ਕਿ ਜੋ ਵਿਦੇਸ਼ੀ ਅਧਿਆਪਕ ਨਿਊਜੀਲੈਂਡ ਵਿੱਚ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਨਿਊਜੀਲੈਂਡ ਬੁਲਾਉਣ ਲਈ ਵੀ ਜਲਦ ਹੀ ਉਪਰਾਲਾ ਕੀਤਾ ਜਾਏਗਾ।