ਲਾਹੌਰ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ )
ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਵਿੱਚ ਸੌ ਸਾਲ ਤੋਂ ਵੱਧ ਪੁਰਾਣੇ ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਨੂੰ ਮੁਰੰਮਤ ਅਤੇ ਮੁੜ ਖੋਲ੍ਹਣ ਲਈ ਪਾਕਿਸਤਾਨ ਦੀ ਘੱਟ ਗਿਣਤੀਆਂ ਬਾਰੇ ਉੱਚ ਸੰਸਥਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਬੀਤੇ ਦਿਨ ਅਧਿਕਾਰੀਆਂ ਵੱਲੋਂ ਦਿੱਤੀ ਗਈ।
ਸਿੱਖਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਦੋ ਦਹਾਕੇ ਪਹਿਲਾਂ ਸੂਬਾ ਸਰਕਾਰ ਵੱਲੋਂ ਇਸ ਗੁਰਦੁਆਰੇ ਨੂੰ ‘ਮਿਊਂਸਿਪਲ ਲਾਇਬ੍ਰੇਰੀ ਬਿਲਡਿੰਗ’ ਵਿੱਚ ਬਦਲ ਦਿੱਤਾ ਗਿਆ ਸੀ। ਮੌਜੂਦਾ ਸਮੇਂ ਇਹ ਗੁਰਦੁਆਰਾ ਖੈਬਰ ਪਖਤੂਨਖਵਾ ਦੀ ਸਰਕਾਰ ਦੇ ਕੰਟਰੋਲ ਹੇਠ ਹੈ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਆਮੇਰ ਅਹਿਮਦ ਨੇ ਦੱਸਿਆ, ‘ਵਿਚਾਰ ਵਟਾਂਦਰੇ ਮਗਰੋਂ ਆਖਰ ਖੈਬਰ ਪਖਤੂਨਖਵਾ ਸਰਕਾਰ ਨੇ ਈਟੀਪੀਬੀ ਦਾ ਸੁਝਾਅ ਮਨਜ਼ੂਰ ਕਰ ਲਿਆ ਹੈ ਅਤੇ ਉਹ ਮਨਸੇਹਰਾ ਜ਼ਿਲ੍ਹੇ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਕਬਜ਼ਾ ਈਟੀਪੀਬੀ ਨੂੰ ਦੇਣ ਲਈ ਸਹਿਮਤ ਹੋ ਗਈ ਹੈ।’ ਅਹਿਮਦ ਨੇ ਕਿਹਾ, ‘ਇਤਿਹਾਸਕ ਅਤੇ ਅਹਿਮ ਗੁਰਦੁਆਰਾ ਜ਼ਰੂਰੀ ਮੁਰੰਮਤ ਮਗਰੋਂ ਸਿੱਖ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।’