ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਕਈ ਹਿੱਸਿਆਂ ਲਈ ਬਹੁਤ ਘੱਟ ਲਾਗੂ ਹੋਣ ਵਾਲੀ ਮੌਸਮ ਸਬੰਧੀ ਚੇਤਾਵਨੀ 'ਰੈੱਡ ਵਾਰਨਿੰਗ' ਜਾਰੀ ਕਰ ਦਿੱਤੀ ਗਈ ਹੈ, ਇਨ੍ਹਾਂ ਹੀ ਨਹੀਂ ਬੁਲਰ ਡਿਸਟ੍ਰੀਕਟ ਕਾਉਂਸਲ ਵਲੋਂ ਤਾਂ ਸਟੇਟ ਆਫ ਲੋਕਲ ਐਮਰਜੈਂਸੀ ਵੀ ਐਲਾਨ ਦਿੱਤੀ ਗਈ ਹੈ, ਕਿਉਂਕਿ ਅੱਜ ਰਾਤ ਇਨ੍ਹਾਂ ਇਲਾਕਿਆਂ ਵਿੱਚ ਖਰਾਬ ਮੌਸਮ ਕਰਕੇ ਹੜ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਹਨ।
ਇਸ ਵੇਲੇ ਇਨ੍ਹਾਂ ਇਲਾਕਿਆਂ ਵਿੱਚ ਤੇਜ ਹਵਾਵਾਂ ਤੇ ਤੂਫਾਨੀ ਬਾਰਿਸ਼ ਹੋ ਰਹੀ ਹੈ।
ਬੁਲਰ ਦੇ ਮੇਅਰ ਜੇਮੀ ਕਲੀਨੀ ਨੇ ਇਲਾਕੇ ਵਿੱਚ ਉਨ੍ਹਾਂ ਲੋਕਾਂ ਨੂੰ ਘਰ ਖਾਲੀ ਕਰਨ ਦੀ ਗੱਲ ਆਖੀ ਹੈ, ਜਿਨ੍ਹਾਂ ਦੇ ਘਰ ਹੜ੍ਹਾਂ ਦੇ ਇਲਾਕੇ ਵਿੱਚ ਪੈਂਦੇ ਹਨ।
ਮੈੱਟਸਰਵਿਸ ਨੇ ਵੀ ਵੈਸਟਲੈਂਡ ਤੋਂ ਬੁਲਰ ਤੱਕ ਰੈੱਡ ਵਾਰਨਿੰਗ ਜਾਰੀ ਕਰ ਦਿੱਤੀ ਹੈ, ਇਹ ਚੇਤਾਵਨੀ 2019 ਤੋਂ ਬਾਅਦ ਹੁਣ ਤੱਕ ਸਿਰਫ 3 ਵਾਰ ਜਾਰੀ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ 200 ਐਮ ਐਮ ਤੋਂ 400 ਐਮ ਐਮ ਤੱਕ ਬਾਰਿਸ਼ ਹੋ ਸਕਦੀ ਹੈ।
ਵੈਸਟਲੈਂਡ ਦੇ ਮੇਅਰ ਬਰੂਸ ਸਮਿਥ ਨੇ ਵੀ ਰਿਹਾਇਸ਼ੀਆਂ ਨੂੰ ਐਮਰਜੈਂਸੀ ਮੌਕੇ ਸ਼ੈਲਟਰਾਂ ਵਿੱਚ ਜਾਣ ਦੀ ਗੱਲ ਆਖੀ ਹੈ। ਲੋਕਾਂ ਨੂੰ ਸੜਕਾਂ 'ਤੇ ਸਫਰ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।