ਆਕਲੈਂਡ : ਅਵਤਾਰ ਸਿੰਘ ਟਹਿਣਾ
ਆਸਟਰੇਲੀਆ ਦੀ ਇਮੀਗਰੇਸ਼ਨ `ਚ ਭ੍ਰਿਸ਼ਟਾਚਾਰ ਦਾ ਸੇਕ ਨਿਊਜ਼ੀਲੈਂਡ ਤੱਕ ਵੀ ਪੁੱਜ ਗਿਆ ਹੈ। ਉੱਥੇ ਰਿਸ਼ਵਤ ਰਾਹੀਂ ਪਰਨਾਨੈਂਟ ਰੈਜੀਡੈਂਸੀ ਲੈਣ ਪਿੱਛੋਂ ਆਕਲੈਂਡ `ਚ ਆ ਕੇ ਰੈਸਟ ਹੋਮ ਵਰਕਰ ਵਜੋਂ ਕੰਮ ਕਰਨ ਵਾਲੀ ਇਕ ਔਰਤ ਦੀ ਪੀਆਰ, ਇਮੀਗਰੇਸ਼ਨ ਨਿਊਜ਼ੀਲੈਂਡ ਨੇ ਰੱਦ ਕਰ ਦਿੱਤੀ ਹੈ ਅਤੇ ਉਸਨੂੰ ਡੀਪੋਰਟੇਸ਼ਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਟ੍ਰਿਬਿਊਨ `ਚ ਅਪੀਲ ਕੀਤੇ ਜਾਣ ਤੋਂ ਬਾਅਦ ਉਸਨੂੰ ਇੱਕ ਸਾਲ ਦਾ ਵੀਜ਼ਾ ਦੇ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਦੀ ਇਮੀਗਰੇਸ਼ਨ ਨਾਲ ਸਬੰਧਤ ਹੈ। ਜਿਸਨੂੰ ਸਪੈਸ਼ਲ ਬਰਾਡਕਾਸਟਿੰਗ ਸਰਵਿਸ ਨੇ ਇਮੀਗਰੇਸ਼ਨ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਵਾਲਾ ਮਾਮਲਾ ਦੱਸਿਆ ਹੈ। ਉੱਥੇ ਸਾਲ 2014 `ਚ ਇੱਕ ਇਮੀਗਰੇਸ਼ਨ ਅਫ਼ਸਰ ਅਲੈਕਸ ਐਲਨ ਨੇ ਰਿਸ਼ਵਤ ਲੈ ਕੇ ਫਿਲੀਪੀਨਜ ਮੂਲ ਦੀ ਇੱਕ ਔਰਤ ਕ੍ਰਿਸਟੀਨ ਮੇਅ ਨੂੰ ਪਰਮਾਨੈਂਟ ਰੈਜੀਡੈਂਟ ਵੀਜ਼ਾ ਜਾਰੀ ਕੀਤਾ ਸੀ। ਹਾਲਾਂਕਿ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਸਔਰਤ ਨੂੰ ਪਤਾ ਨਹੀਂ ਸੀ ਕਿਉਂਕਿ ਰਿਸ਼ਵਤ ਉਸਦੇ ਰਿਸ਼ਤੇਦਾਰ ਨੇ ਦਿੱਤੀ ਸੀ, ਜਿਸਨੇ ਆਪਣੇ ਅਧਾਰ `ਤੇ ਕ੍ਰਿਸਟੀਨ ਦਾ ਵੀਜ਼ਾ ਅਪਲਾਈ ਕੀਤਾ ਸੀ।
ਇਸ ਮਾਮਲੇ `ਚ ਆਸਟਰੇਲੀਅਨ ਇਮੀਗਰੇਸ਼ਨ ਅਫ਼ਸਰ ਅਲੈਕਸ ਨੂੰ ਸਾਲ 2015 `ਚ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋਸ਼ ਸਾਬਤ ਹੋਏ ਸਨ ਕਿ ਉਸਨੇ ਵੀਅਨਨਾਮ ਅਤੇ ਫਿਲੀਪੀਨਜ ਦੇ 59 ਲੋਕਾਂ ਨੂੰ ਆਸਟਰੇਲੀਆ ਦਾ ਵੀਜ਼ਾ ਦੇਣ ਬਦਲੇ 5 ਲੱਖ 63 ਹਜ਼ਾਰ 290 ਡਾਲਰ ਰਿਸ਼ਵਤ ਵਜੋਂ ਲਏ ਸਨ। ਸਾਲ 2016 `ਚ ਉਸਦੀ ਕੈਦ ਵਾਲੀ ਸਜ਼ਾ 8 ਮਹੀਨੇ ਤੋਂ ਵਧਾ ਕੇ 15 ਮਹੀਨੇ ਕਰ ਦਿੱਤੀ ਗਈ ਸੀ।
ਕ੍ਰਿਸਟੀਨ, ਆਸਟਰੇਲੀਆ ਦਾ ਪਰਮਾਨੈਂਟ ਵੀਜ਼ਾ ਲੈਣ ਤੋਂ ਬਾਅਦ ਅਗਲੇ ਸਾਲ ਨਿਊਜ਼ੀਲੈਂਡ ਆ ਗਈ ਸੀ ਅਤੇ ਉਸ ਅਧਾਰ ਉਸਨੂੰ ਨਿਊਜ਼ੀਲੈਂਡ ਦਾ ਰੈਜੀਡੈਂਟ ਵੀਜ਼ਾ ਮਿਲ ਗਿਆ ਸੀ। ਪਰ ਉਸ ਪਿੱਛੋਂ ਕਿਸੇ ਨੇ ਗੁਪਤ ਸੂਚਨਾ ਭੇਜ ਕੇ ਇਮੀਗਰੇਸ਼ਨ ਨਿਊਜ਼ੀਲੈਂਡ ਨੂੰ ਦੱਸ ਦਿੱਤਾ। ਉਸ ਵਕਤ ਇਮੀਗਰੇਸ਼ਨ ਵਾਸਤੇ ਉਸ ਔਰਤ ਨੂੰ ਲੱਭਣਾ ਮੁਸ਼ਕਲ ਸੀ ਪਰ ਜਦੋਂ ਦੋ ਸਾਲ ਬਾਅਦ ਕ੍ਰਿਸਟੀਨ ਨੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕੀਤਾ ਤਾਂ ਇਮੀਗਰੇਸ਼ਨ ਦੇ ਅੜਿੱਕੇ ਆ ਗਈ। ਜਿਸ ਪਿੱਛੋਂ ਸਾਲ 2020 ਦੇ ਅਖੀਰ `ਚ ਉਸਨੂੰ ਡੀਪੋਰਟੇਸ਼ਨ ਦਾ ਨੋਟਿਸ ਵੀ ਜਾਰੀ ਹੋ ਗਿਆ ਸੀ ਪਰ ਉਸਨੇ ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਕੋਲ ਅਪੀਲ ਕਰ ਦਿੱਤੀ ਸੀ।
ਟ੍ਰਿਬਿਊਨ ਦੇ ਡਿਪਟੀ ਚੇਅਰਮੈਨ ਮਾਰਟਨ ਟਰੈੱਡਵੈੱਲ ਨੇ ਵੀ ਇਮੀਗਰੇਸ਼ਨ ਦੇ ਫ਼ੈਸਲੇ ਨਾਲ ਸਹਿਮਤ ਹੁੰਦਿਆਂ ਐਪਲੀਕੇਸ਼ਨ ਖਾਰਜ ਕਰਦਿਆਂ ਫ਼ੈਸਲਾ ਦੇੇ ਦਿੱਤਾ ਹੈ ਕਿ ਕ੍ਰਿਸਟੀਨ ਨੂੰ ‘ਹਿਊਮਨਟੇਰੀਅਨ ਗਰਾਊਂਡਜ’ ਦੇ ਅਧਾਰ `ਤੇ ਨਿਊਜ਼ੀਲੈਂਡ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਪਰ ਉਨ੍ਹਾਂ ਇੱਕ ਸਾਲ ਵੀਜ਼ਾ ਦੇ ਦਿੱਤਾ ਹੈ ਤਾਂ ਜੋ ਕ੍ਰਿਸਟੀਨ ਆਪਣਾ ਕਾਨੂੰਨੀ ਪ੍ਰਾਸੈੱਸ ਪੂਰਾ ਕਰ ਸਕੇ।
ਇਸ ਮਾਮਲੇ `ਚ ਇਮੀਗਰੇਸ਼ਨ ਨਿਊਜ਼ੀਲੈਂਡ ਦਾ ਇਹ ਵੀ ਮੰਨਣਾ ਹੈ ਕਿ ਕ੍ਰਿਸਟੀਨ ਖਿਲਾਫ਼ ਅਜਿਹਾ ਕੋਈ ਵੀ ਸਬੂਤ ਨਹੀਂ ਹੈ ਕਿ ਉਸਨੇ ਰਿਸ਼ਵਤ ਦਿੱਤੀ ਹੈ। ਪਰ ਇਹ ਮਾਮਲਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਜੇ ਉਸਨੂੰ ਨਿਊਜ਼ੀਲੈਂਡ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਇਮੀਗਰੇਸ਼ਨ ਦੇ ਇਮਾਨਦਾਰੀ ਵਾਲੇ ਪ੍ਰਾਸੈੱਸ `ਤੇ ਮਾੜਾ ਅਸਰ ਪਵੇਗਾ।