ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਜਦੋਂ ਕਿਸੇ ਕਾਰਨ ਕਿਸੇ ਨਾਗਰਿਕ ਦੇ ਸਿਰ ਤੋਂ ਛੱਤ ਖੁੱਸਦੀ ਹੈ ਤਾਂ ਨਾਗਰਿਕ ਸਰਕਾਰ ਦਾ ਬੂਹਾ ਖੜਕਾਉਂਦੇ ਹਨ |
ਪਾਰਲੀਮੈਂਟ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਵਰੇ ਨਿਊਜ਼ੀਲੈਂਡ 'ਚ ਐਮਰਜੈਂਸੀ ਹਾਊਸਿੰਗ ਤਹਿਤ 1 ਲੱਖ 55 ਹਜ਼ਾਰ ਅਰਜ਼ੀ ਕਰਤਿਆਂ ਨੂੰ 300 ਮਿਲੀਅਨ ਡਾਲਰ ਸਰਕਾਰ ਵਲੋਂ ਦਿੱਤੇ ਗਏ | ਜਦੋਂ ਕਿ ਇਸ ਕਿਸਮ ਦੇ ਅਰਜ਼ੀ ਕਰਤਿਆਂ ਦੀ 2019 'ਚ ਗਿਣਤੀ 1 ਲੱਖ 1 ਹਜ਼ਾਰ ਸੀ , ਜਦੋਂਕਿ ਇਸ ਯੋਜਨਾ ਉੱਪਰ ਸਰਕਾਰ ਨੇ 2019 'ਚ 150 ਮਿਲੀਅਨ ਡਾਲਰ ਖਰਚੇ ਸਨ |
ਜਾਣੀ ਕਿ ਇੱਕ ਸਾਲ ਵਿਚ ਜਿਥੇ 54 ਹਜ਼ਾਰ ਅਰਜ਼ੀਆਂ ਵਿਚ ਵਾਧਾ ਹੋਇਆ ਤੇ ਓਥੇ ਹੀ ਸਰਕਾਰ ਦੇ ਖਜ਼ਾਨੇ ਵਿਚੋਂ ਇਸ ਯੋਜਨਾ ਉੱਪਰ ਲੱਗਣ ਵਾਲੇ ਡਾਲਰ ਵੀ ਦੁੱਗਣੇ ਹੋ ਗਏ , ਭਾਵ ਕਿ 2019 'ਚ ਜਿਥੇ 150 ਮਿਲੀਅਨ ਡਾਲਰ ਲੱਗਿਆ ,ਓਥੇ ਹੀ 2020 ਵਿਚ ਇਹ ਰਾਸ਼ੀ 300 ਮਿਲੀਅਨ ਹੋ ਗਈ|
ਪਿਛਲੇ ਸਾਲ ਜਾਣੀ 2020 ਵਿਚ ਇਸੇ ਤਰੀਕੇ ਸਰਕਾਰ ਦਾ ਬੂਹਾ ਖੜਕਾਉਣ ਵਾਲੇ 2997 ਲੋਕਾਂ ਦੀਆਂ ਅਰਜ਼ੀਆਂ ਸਰਕਾਰ ਨੇ ਰੱਦ ਕਰ ਦਿੱਤੀਆਂ ਜਦੋਂ ਕਿ ਇਸੇ ਤਰੀਕੇ ਰੱਦ ਕਰਨ ਵਾਲੀਆਂ ਅਰਜ਼ੀਆਂ ਦੀ ਗਿਣਤੀ 2019 ਵਿਚ 1032 ਸੀ |
ਇਹ ਜਾਣਕਾਰੀ ਸੋਸ਼ਲ ਡਿਵੈਲਪਮੈਂਟ ਮਹਿਕਮੇ ਦੇ ਮੰਤਰੀ ਕਾਰਮਿਲ ਸੀਪੋਲੋਨੀ ਨੇ ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਲੂਈਸ ਆਪਸਟਨ ਵਲੋਂ ਪੁੱਛੇ ਸਵਾਲ ਤੋਂ ਬਾਅਦ ਦਿੱਤੀ ਹੈ |
ਉਕਤ ਜਾਬਨਕਾਰੀ ਦੇ ਅਨੁਸਾਰ ਨਿਊਜ਼ੀਲੈਂਡ ਵਿਚ ਜਿਥੇ ਹਾਊਸਿੰਗ ਦਾ ਸੰਕਟ ਵੱਡਾ ਹੁੰਦਾ ਜਾ ਰਿਹਾ ਹੈ , ਓਥੇ ਹੀ ਅੰਕੜੇ ਸਾਫ ਤੌਰ ਤੇ ਦੱਸਦੇ ਹਨ ਕਿ ਘਰਾਂ ਸਮੇਤ ਹੋਰ ਅਕਾਮੋਡੇਸ਼ਨਜ਼ ਦੇ ਕਿਰਾਇਆ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ | ਜੋ ਕਿ ਭਵਿੱਖ ਵਿਚ ਸਾਡੇ ਸਾਹਮਣੇ ਆ ਰਹੇ ਸੰਕਟ ਦੀ ਗਵਾਹੀ ਭਰ ਰਿਹਾ ਹੈ |