ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਅਫਰੀਕਾ ਮੂਲ ਦੇ ਇਕ ਪ੍ਰਵਾਸੀ ਕਰਮਚਾਰੀ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਗਲਤੀ ਦੇ ਨਤੀਜੇ ਵਜੋਂ ਕੰਮ ਸ਼ੁਰੂ ਕਰਨ ਵਿੱਚ ਹੋਈ ਦੇਰੀ ਕਾਰਨ ਆਪਣੇ ਪਰਿਵਾਰ ਦੀ ਮੱਦਦ ਲਈ ਘਰ ਦੀਆਂ ਚੀਜਾਂ ਵੇਚਣ ਦੀ ਖਬਰ ਹੈ।
ਕ੍ਰਿਸ ਬੋਥਾ ਤਿੰਨ ਸਾਲ ਤੋਂ ਨਿਊਜੀਲੈਂਡ ਵਿੱਚ ਸਕਿੱਲਡ ਵਰਕਰ ਵਜੋਂ ਰਹਿ ਰਿਹਾ ਹੈ ਤੇ ਇਸ ਸਾਲ ਦੇ ਸ਼ੁਰੂ ਵਿੱਚ ਡੁਨੇਡਿਨ ਵਿੱਚ ਇੱਕ ਕੰਪਨੀ ਲਈ ਬਤੌਰ ਡਿਜਾਇਨ ਇੰਜੀਨੀਅਰ ਸ਼ੁਰੂ ਕੀਤੀ ਨੌਕਰੀ ਤੋਂ ਬਾਅਦ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਦਿੱਤੀ ਗਲਤ ਜਾਣਕਾਰੀ ਕਰਕੇ ਉਸਨੂੰ ਕਈ ਹਫਤੇ ਬੇਰੁਜਗਾਰੀ ਭਰੀ ਜਿੰਦਗੀ ਬਤੀਤ ਕਰਨੀ ਪਈ ਤੇ ਇਸ ਦੌਰਾਨ ਪਰਿਵਾਰ ਦੀ ਵਿੱਤੀ ਮੱਦਦ ਲਈ ਉਸਨੂੰ ਘਰ ਦਾ ਸਮਾਨ ਵੀ ਵੇਚਣਾ ਪਿਆ।
ਦਰਅਸਲ ਬੋਥਾ ਨੇ 26 ਮਈ ਨੂੰ ਨੌਕਰੀ ਸ਼ੁਰੂ ਕਰਨੀ ਸੀ ਤੇ ਨਿਯਮ ਅਨੁਸਾਰ ਉਸਨੇ 2 ਹਫਤੇ ਪਹਿਲਾਂ ਫਾਈਲ ਲਾ ਦਿੱਤੀ, ਬੋਥਾ ਕੋਲ ਘਰਦੇ ਖਰਚੇ ਕੱਢਣ ਲਈ ਹਫਤੇ ਕੁ ਦੇ ਖਰਚੇ ਵੀ ਮੌਜੂਦ ਸਨ, ਪਰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਉਸ ਦੀ ਫਾਈਲ ਤੱਦ ਤੱਕ ਮਨਜੂਰ ਤਾਂ ਕੀ ਕਰਨੀ ਸੀ, ਉਸ ਲਈ ਕੋਈ ਵੀਜਾ ਅਧਿਕਾਰੀ ਵੀ ਨਿਯੁਕਤ ਨਹੀਂ ਕੀਤਾ, ਜਿਸ ਕਰਕੇ ਬੋਥਾ ਨੂੰ ਉਹ ਸਮਾਂ ਕਾਫੀ ਔਖਾ ਕੱਢਣਾ ਪਿਆ।
ਹੁਣ ਇਮੀਗ੍ਰੇਸ਼ਨ ਨਿਊਜੀਲੈਂਡ ਇਸ ਗਲਤੀ ਲਈ ਮੁਆਫੀ ਮੰਗ ਕੇ ਆਪਣਾ ਪੱਲਾ ਛੁਡਾ ਰਹੀ ਹੈ।
ਬੋਥਾ 6 ਮਹੀਨੇ ਪਹਿਲਾਂ ਵਰਕ ਟੂ ਰੈਜੀਡੇਂਸੀ ਦੀ ਫਾਈਲ ਵੀ ਲਾ ਚੁੱਕਾ ਹੈ ਤੇ ਇਮੀਗ੍ਰੇਸ਼ਨ ਦੀ ਗਲਤੀ ਕਰਕੇ ਉਹ ਘੱਟੋ-ਘੱਟ ਕਮਾਈ ਦਿਖਾਉਣ ਵਾਲੇ ਨਿਯਮ ਨੂੰ ਵੀ ਪੂਰਾ ਨਹੀਂ ਕਰ ਪਾ ਰਿਹਾ।