Thursday, 16 September 2021
02 August 2021 New Zealand

ਨਿਊਜ਼ੀਲੈਂਡ ਦੇ ਸਰਕਾਰੀ ਹਸਪਤਾਲਾਂ ਦਾ ਹਾਲ

-30 ਹਜ਼ਾਰ ਮਰੀਜ਼ ਵਾਰੀ ਲਈ ਮਹੀਨਿਆਂ ਤੋਂ ਕਰ ਰਹੇ ਨੇ ਉਡੀਕ ,-ਬੁਝ ਸਕਦੀ ਹੈ ਕਈ ਲੋਕਾਂ ਦੀਆਂ ਅੱਖਾਂ ਦੀ ਜੋਤ
ਨਿਊਜ਼ੀਲੈਂਡ ਦੇ ਸਰਕਾਰੀ ਹਸਪਤਾਲਾਂ ਦਾ ਹਾਲ - NZ Punjabi News

ਆਕਲੈਂਡ : ( ਅਵਤਾਰ ਸਿੰਘ ਟਹਿਣਾ )
ਨਿਊਜ਼ੀਲੈਂਡ ਦੇ ਸਰਕਾਰੀ ਹਸਪਤਾਲਾਂ `ਚ ਇਲਾਜ ਕਰਵਾਉਣ ਲਈ ਕਰੀਬ 30 ਹਜ਼ਾਰ ਮਰੀਜ਼ ਆਪਣੀ ਵਾਰੀ ਵਾਸਤੇ ਕਈ-ਕਈ ਮਹੀਨਿਆਂ ਤੋਂ ਉਡੀਕ ਕਰਨ ਲਈ ਮਜ਼ਬੂਰ ਹਨ। ਇਹ ਡਰ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਰ ਸਮੇਂ ਸਿਰ ਕੁੱਝ ਮਰੀਜ਼ਾਂ ਦਾ ਇਲਾਜ਼ ਨਾ ਕੀਤਾ ਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਵੀ ਬੁਝ ਸਕਦੀ ਹੈ। ਅਜਿਹੇ ਹਾਲਾਤ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਰਡਰ ਬੰਦ ਹੋਣ ਕਰਕੇ ਬਾਹਰਲੇ ਮੁਲਕਾਂ ਤੋਂ ਹੈੱਲਥ ਮਾਹਿਰ ਲਿਆਂਦੇ ਨਹੀਂ ਸਕਦੇ ਅਤੇ ਨਿਊਜ਼ੀਲੈਂਡ `ਚ ਟਰੇਨਿੰਗ ਵਾਸਤੇ ਪ੍ਰਬੰਧ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ 20 ਡਿਸਟ੍ਰਿਕ ਹੈੱਲਥ ਬੋਰਡਾਂ `ਚ ਕੋਵਿਡ-19 ਤੋਂ ਪਹਿਲਾਂ ਹੀ ਬਹੁਤ ਹੈੱਲਥ ਸਾਰੀਆਂ ਸੇਵਾਵਾਂ ਦਾ ਬੁਰਾ ਹਾਲ ਹੋ ਗਿਆ ਸੀ। ਨਵਾਂ ਇਨਫਰਾ-ਸਟਰੱਕਚਰ ਅਬਾਦੀ ਦੇ ਲਿਹਾਜ਼ ਨਾਲ ਅੱਪਡੇਟ ਨਾ ਹੋਣਾ, ਅਪਰੇਸ਼ਨ ਥੀਏਟਰਜ਼ ਦੀ ਘਾਟ ਅਤੇ ਵਰਕਫੋਰਸ ਦੀ ਕਮੀ ਨੂੰ ਵੀ ਅਜਿਹੇ ਹਾਲਾਤ ਵਾਸਤੇ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਿਸ ਕਰਕੇ ਕਈ ਹੈੱਲਥ ਬੋਰਡਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਦਾ ਸਹਾਰਾ ਲੈਣ ਦੀ ਕੋਸਿ਼ਸ਼ ਕੀਤੀ ਜਾ ਰਹੀ ਪਰ ਬੇਅ ਆਫ ਪਲੈਂਟੀ ਡਿਸਟ੍ਰਿਕ ਹੈੱਲਥ ਬੋਰਡ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੀ ਫੀਸ ਬਹੁਤ ਜਿਆਦਾ ਹੈ।
ਮਨਿਸਟਰੀ ਆਫ਼ ਹੈੱਲਥ ਦੇ ਅੰਕੜਿਆਂ ਅਨੁਸਾਰ 15 ਹਜ਼ਾਰ 700 ਮਰੀਜ਼ ਸਪੈਸ਼ਲਿਸਟ ਕੋਲ ਪਹਿਲੀ ਅਪੁਆਇੰਟਮੈਂਟ ਲਈ ਚਾਰ-ਚਾਰ ਮਹੀਨਿਆਂ ਤੋਂ ਉਡੀਕ ਕਰ ਰਹੇ ਹਨ। ਇਸ ਤਰ੍ਹਾਂ 13 ਹਜ਼ਾਰ 500 ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਇਲਾਜ ਵਾਸਤੇ ਤਾਂ ਹਾਂ-ਪੱਖੀ ਹੁੰਗਾਰਾ ਮਿਲ ਚੁੱਕਿਆ ਪਰ ਇਲਾਜ ਲਈ ਉਡੀਕ ਕਰਦਿਆਂ ਚਾਰ-ਚਾਰ ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਕੋਈ ਉਮੀਦ ਨਹੀਂ ਕਿ ਵਾਰੀ ਕਦੋਂ ਆਵੇਗੀ। ਕਈ ਖੇਤਰਾਂ `ਚ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਚੁੱਕੀ ਹੈ। ਵਾਇਆਕਾਟੋ ਡਿਸਟ੍ਰਿਕ ਹੈੱਲਥ ਬੋਰਡ ਨੇ ਮਨਿਸਟਰੀ ਆਫ਼ ਹੈੱਲਥ ਕੋਲ ਡਰ ਵੀ ਪ੍ਰਗਟ ਕੀਤਾ ਹੈ ਕਿ ਜੇ ਸਮੇਂ ਸਿਰ ਮਰੀਜ਼ਾਂ ਦਾ ਇਲਾਜ ਨਾ ਹੋਇਆ ਤਾਂ ਕਈ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਡਾਕਟਰਜ ਯੂਨੀਅਨ ਦੀ ਐਗਜ਼ੈਕਟਿਵ ਡਾਇਰੈਕਟਰ ਸਾਰਾਹ ਡਾਲਟਨ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਇਹ ਹਾਲ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਹਸਪਤਾਲ ਪ੍ਰਬੰਧਕਾਂ ਨੇ ਸਟਾਫ ਸ਼ੌਰਟੇਜ ਅਤੇ ਇਨਫਰਾ-ਸਟਰੱਕਚਰ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਨਿਊਜ਼ੀਲੈਂਡ ਵਰਗੇ ਮੁਲਕ `ਚ ਬੇਧਿਆਨੀ ਦੀ ਵਜ੍ਹਾ ਕਾਰਨ ਡਰ ਬਣਿਆ ਹੋਇਆ ਹੈ ਕਿ ਕਈ ਮਰੀਜ਼ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹੋ ਸਕਦੇ ਹਨ।
ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ ਸਰਕਾਰ ਨੇ ਪਿਛਲੇ ਸਾਲ ਬਜਟ `ਚ ਕਰੀਬ 283 ਮਿਲੀਅਨ ਡਾਲਰ ਤਿੰਨ ਸਾਲਾਂ ਲਈ ਰਾਖਵੇਂ ਰੱਖੇ ਸਨ ਤਾਂ ਜੋ ਮਰੀਜਾਂ ਇਨਫਰਾ-ਸਟਰੱਕਚਰ `ਚ ਸੁਧਾਰ ਕੀਤਾ ਜਾ ਸਕੇ ਅਤੇ ਮਰੀਜ਼ਾਂ ਨੂੰ ਮਹੀਨਿਆਂਬੱਧੀ ਉਡੀਕ ਨਾ ਕਰਨੀ ਪਵੇ।
ਖ਼ੈਰ ! ਨਿਊਜ਼ੀਲੈਂਡ ਦੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਕਦੋਂ ਸੁਧਰਨਗੇ ? ਇਸ ਬਾਬਤ ਤਾਂ ਕੁੱਝ ਨਹੀਂ ਕਿਹਾ ਸਕਦਾ ਪਰ ਇਹ ਗੱਲ ਬਹੁਤ ਹੀ ਚਿੰਤਾ ਵਾਲੀ ਹੈ ਕਿ ਮਰੀਜ਼ਾ ਨੂੰ ਆਪਣੇ ਇਲਾਜ ਦੀ ਉਡੀਕ `ਚ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਕਈ ਦੀ ਹਾਲਾਤ ਵਾਰੀ ਆਉਣ ਤੱਕ ਹੋਰ ਵੀ ਵਿਗੜ ਜਾਂਦੀ ਹੈ।

ADVERTISEMENT
NZ Punjabi News Matrimonials