Thursday, 16 September 2021
02 August 2021 New Zealand

ਨਿਊਜ਼ੀਲੈਂਡ `ਚ ਵੀ ਵਰਕਰ ਨਾਲ ਧੋਖਾ ਕਰ ਚੁੱਕਾ ਹੈ ਕਰਿਸ਼ ਰੈਡੀ

ਅੱਜਕੱਲ੍ਹ ਫ਼ਗਵਾੜਾ `ਚ ਵੇਚ ਰਿਹਾ ਹੈ ਨਿਊਜ਼ੀਲੈਂਡ ਦੇ ਜਾਅਲੀ ਵੀਜ਼ੇ
ਨਿਊਜ਼ੀਲੈਂਡ `ਚ ਵੀ ਵਰਕਰ ਨਾਲ ਧੋਖਾ ਕਰ ਚੁੱਕਾ ਹੈ ਕਰਿਸ਼ ਰੈਡੀ - NZ Punjabi News

ਆਕਲੈਂਡ :( ਅਵਤਾਰ ਸਿੰਘ ਟਹਿਣਾ )
ਨਿਊਜ਼ੀਲੈਂਡ ਦੇ ਜਾਅਲੀ ਵੀਜਿ਼ਆਂ ਬਦਲੇ ਲੱਖਾਂ ਰੁਪਏ ਬਟੋਰ ਕੇ ਵਿਵਾਦਾਂ `ਚ ਘਿਰਨ ਵਾਲਾ ਫਗਵਾੜਾ ਦਾ ਇਕ ਟਰੈਵਲ ਏਜੰਟ ਕਰਿਸ਼ ਵੋਨ ਰਾਏ ਰੈਡੀ, ਕੁੱਝ ਸਾਲ ਪਹਿਲਾਂ ਨਿਊਜ਼ੀਲੈਂਡ `ਚ ਆਪਣੀ ਇੱਕ ਵਰਕਰ ਦਾ ਆਰਥਿਕ ਸ਼ੋਸ਼ਣ ਵੀ ਕਰ ਚੁੱਕਾ ਹੈ। ਜਿਸ ਕਰਕੇ ਇੱਥੋਂ ਦੀ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਉਸਨੂੰ ਹਰਜਾਨਾ ਭਰਨ ਦਾ ਹੁਕਮ ਵੀ ਦੇ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਵਾਦਤ ਏਜੰਟ ਕਰਿਸ਼ ਵੋਨ ਰਾਏ ਰੈਡੀ ਸਾਲ 2016 `ਚ ਨਿਊਜ਼ੀਲੈਂਡ ਵਿੱਚ ਸਿਕਸ ਸੈਂਸ ਮੈਸਾਜ ਪਾਰਲਰ ਚਲਾਉਂਦਾ ਸੀ ਅਤੇ ਇਸ ਕੰਪਨੀ ਇੱਕੋ-ਇਕ ਡਾਇਰੈਕਟਰ ਸੀ। ਇਸ ਪਾਰਲਰ ਵਿੱਚ ਜੋਲਿਨ ਬਲਾਇਡ ਨਾਂ ਦੀ ਇੱਕ ਕੁੜੀ ਮੈਸਾਜ ਥੀਰੇਪਿਸਟ ਵਜੋਂ ਕੰਮ ਕਰਦੀ ਸੀ। ਜਿਸ ਦੌਰਾਨ ਕਰਿਸ਼ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਕੰਟਰੈਕਟ ਤੋਂ ਇਲਾਵਾ ਵਾਧੂ ਘੰਟਿਆਂ ਲਈ ਕੰਮ ਕਰਨ ਬਦਲੇ ਪ੍ਰੋਮੋਸ਼ਨ ਦਿੱਤੀ ਜਾਵੇਗੀ। ਕੰਟਰੈਕਟ ਅਨੁਸਾਰ ਉਹ 25 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਦੀ ਸੀ ਅਤੇ ਹਰ ਹਫ਼ਤੇ 20 ਘੰਟੇ ਕੰਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹ ਨਵੇਂ ਥੀਰੇਪਿਸਟਾਂ ਨੂੰ ਟਰੇਨਿੰਗ ਵੀ ਦਿੰਦੀ ਸੀ। ਉਹ ਕੰਮ ਦਾ ਵੀ ਪੂਰਾ ਹਿਸਾਬ-ਕਿਤਾਬ ਰੱਖਦੀ ਸੀ ਅਤੇ ਨਾਲੋ-ਨਾਲ ਕਰਿਸ਼ ਨੂੰ ਦੱਸ ਦਿੰਦੀ ਸੀ ਕਿ ਉਸਨੇ ਹਫ਼ਤੇ `ਚ ਕਿੰਨੇ ਘੰਟੇ ਕੰਮ ਕੀਤਾ ਹੈ। ਕਈ ਵਾਰੀ ਕੰਮ ਜਿਆਦਾ ਹੋਣ ਕਰਕੇ ਘਰ ਆਉਂਦਿਆਂ ਰਾਤ ਦੇ 10 ਵੀ ਵੱਜ ਜਾਂਦੇ ਸਨ।
ਇਸੇ ਦੌਰਾਨ ਬਲਾਇਡ ਨੇ ਦੋਸ਼ ਲਾਇਆ ਸੀ ਕਿ ਕਰਿਸ਼ ਰੈਡੀ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਜਿਸ ਕਰਕੇ ਕਰਿਸ਼ ਨੇ 6200 ਡਾਲਰ ਦੀ ਹੇਰਾਫੇਰੀ ਕਰ ਲਈ ਅਤੇ ਕੀਵੀ ਸੇਵਰ ਵੀ ਪੂਰਾ ਜਮ੍ਹਾਂ ਨਹੀਂ ਕਰਾਇਆ। ਇਸ ਸਬੰਧੀ ਬਲਾਇਡ ਨੇ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਕੋਲ ਸਿ਼ਕਾਇਤ ਕੀਤੀ ਸੀ ਕਿ ਉਸਦਾ ਕਰਿਸ਼ ਰੈਡੀ `ਤੇ ਬਤੌਰ ਇੰਪਲੋਏਅਰ ਭਰੋਸਾ ਨਹੀਂ ਰਿਹਾ। ਜਿਸ ਪਿੱਛੋਂ ਅਥਾਰਿਟੀ ਵੱਲੋਂ ਕੀਤੀ ਗਈ ਛਾਣਬੀਣ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਰਿਸ਼ ਨੇ ਆਪਣੀ ਵਰਕਰ ਨਾਲ ਇਨਸਾਫ਼ ਨਹੀਂ ਕੀਤਾ। ਜਿਸ ਕਰਕੇ ਅਥਾਰਿਟੀ ਨੇ ਕਰਿਸ਼ ਰੈਡੀ ਨੂੰ ਹੁਕਮ ਦਿੱਤਾ ਸੀ ਉਹ 17 ਹਜ਼ਾਰ 244 ਡਾਲਰ ਆਪਣੀ ਵਰਕਰ ਨੂੰ ਅਦਾ ਕਰੇ। ਜਿਸ ਵਿੱਚ 6200 ਡਾਲਰ ਬਕਾਇਆ, 7000 ਮੁਆਵਜ਼ਾ ਅਤੇ 4000 ਡਾਲਰ ਲੀਗਲ ਫੀਸ ਸ਼ਾਮਲ ਸੀ।
ਜਿ਼ਕਰਯੋਗ ਹੈ ਕਿ ਇਸ ਏਜੰਟ ਵੱਲੋਂ ਕਪੂਰਥਲਾ ਜਿ਼ਲ੍ਹੇ ਦੇ ਫਗਵਾੜਾ ਸ਼ਹਿਰ `ਚ ਲੋਕਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ `ਚ ਫੀਜੀ ਦੇਸ਼ ਨਾਲ ਸਬੰਧਤ ਹੈ ਪਰ ਨਿਊਜ਼ੀਲੈਂਡ ਅਤੇ ਆਸਟਰੇਲੀਆ `ਚ ਵੀ ਰਹਿ ਚੁੱਕਾ ਹੈ।
ਬਹੁਤ ਸਾਰੇ ਲੋਕ ਦੱਸ ਰਹੇ ਹਨ ਕਿ ਕਰਿਸ਼ ਨੇ ਉਨ੍ਹਾਂ ਨਾਲ ਵੀਜ਼ਾ ਲਵਾਉਣ ਦੇ ਨਾਂ `ਤੇ ਧੋਖਾ ਕਰਕੇ ਲੱਖਾਂ ਬਟੋਰੇ ਹਨ। ਇਸ ਬਾਬਤ ਐੱਨਜ਼ੈੱਡ ਪੰਜਾਬੀ ਨਿਊਜ਼ ਦੀ ਟੀਮ ਨੇ ਪਿਛਲੇ ਦਿਨੀਂ ਕਰਿਸ਼ ਨਾਲ ਗੱਲਬਾਤ ਕਰਨ ਦੀ ਵੀ ਕੋਸਿ਼ਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਫ਼ੋਨ ਸੁਣਨ ਤੋਂਂ ਨਾਂਹ ਕਰ ਦਿੱਤੀ ਸੀ ਅਤੇ ਈਮੇਲ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਸੀ। ਇਹ ਗੱਲ ਵੀ ਦੱਸਣਯੋਗ ਹੈ ਕਿ ਕੱਝ ਦਿਨ ਪਹਿਲਾਂ ਫਗਵਾੜਾ ਦੀ ਪੁਲੀਸ ਨੇ ਉਸਨੂੰ ਹਿਰਾਸਤ `ਚ ਲੈ ਕੇ ਪੁੱਛਗਿੱਛ ਵੀ ਕੀਤੀ ਸੀ। ਇਸ ਵੱਲੋਂ ਕਨਿਕਾ ਨਾਂ ਦੀ ਔਰਤ ਦਾ ਲਵਾਇਆ ਗਿਆ ਨਿਊਜ਼ੀਲੈਂਡ ਦਾ 4 ਸਾਲ ਦਾ ਵਰਕ ਵੀਜ਼ਾ ਵੀ ਜਾਅਲੀ ਸਾਬਤ ਹੋ ਚੁੱਕਾ ਹੈ।

ADVERTISEMENT
NZ Punjabi News Matrimonials