Tuesday, 27 February 2024
05 August 2021 New Zealand

ਬੰਦ ਬਾਰਡਰ ਦੇ ਬਾਵਜੂਦ ਗੂਗਲ ਮਾਲਕ ਦਾ ਗੇੜਾ ਬਣਿਆ ਭੇਤ

ਨਿਊਜ਼ੀਲੈਂਡ `ਚ ਕਿਸ ਅਧਾਰ `ਤੇ ਆਇਆ? ਇਮੀਗਰੇਸ਼ਨ ਚੁੱਪ
ਬੰਦ ਬਾਰਡਰ ਦੇ ਬਾਵਜੂਦ ਗੂਗਲ ਮਾਲਕ ਦਾ ਗੇੜਾ ਬਣਿਆ ਭੇਤ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਸਿਆਣੇ ਆਖਦੇ ਹਨ “ਤਕੜੇ ਦਾ ਸੱਤੀਂ ਵੀਹੀਂ ਸੌਂ ਹੁੰਦਾ ਹੈ।” ਇਹ ਕਹਾਵਤ ਨਿਊਜ਼ੀਲੈਂਡ `ਚ ਵੀ ਸੱਚ ਸਾਬਤ ਹੁੰਦੀ ਪ੍ਰਤੀਤ ਹੋ ਰਹੀ ਹੈ। ਦੁਨੀਆ ਦੀ ਮੰਨੀ-ਪ੍ਰਮੰਨੀ ਕੰਪਨੀ ਗੂਗਲ ਦਾ ਅਮਰੀਕਾ ਵਾਸੀ ਮਾਲਕ ਪਿਛਲੇ ਦਿਨੀਂ ਨਿਊਜ਼ੀਲੈਂਡ ਦਾ ਬਾਰਡਰ ਬੰਦ ਹੋਣ ਦੇ ਬਾਵਜੂਦ ਇੱਥੋਂ ਦਾ ਗੇੜਾ ਮਾਰ ਗਿਆ ਹੈ। ਉਸਨੂੰ ਕਿਸ ਅਧਾਰ `ਤੇ ਵੀਜ਼ਾ ਦਿੱਤਾ ਗਿਆ ਸੀ ? ਕੀ ਉਸਨੇ ਮੈਨੇਜਡ ਆਈਸੋਲੇਸ਼ਨ `ਚ ਦੋ ਹਫ਼ਤੇ ਪੂਰੇ ਕੀਤੇ ਸਨ? ਇਹ ਵੱਡੇ ਸਵਾਲ ਇਸ ਵੇਲੇ ਉਭਰ ਕੇ ਸਾਹਮਣੇ ਆ ਰਹੇ ਹਨ।
ਕੌਮੀ ਮੀਡੀਆ ਦੀ ਇੱਕ ਰਿਪੋਰਟ ਅਨੁਸਾਰ 121 ਬਿਲੀਅਨ ਡਾਲਰ ਦੀ ਜਾਇਦਾਦ ਵਾਲਾ ਗੂਗਲ ਕੋ-ਫਾਊਂਡਰ ਲੈਰੀ ਪੇਜ ਕੋਵਿਡ-19 ਦੌਰਾਨ ਫੀਜੀ ਆਇਆ ਸੀ। ਜਿਸ ਪਿੱਛੋਂ ਉਸਦੇ ਬੱਚੇ ਨੂੰ ਇਲਾਜ ਲਈ ਆਕਲੈਂਡ ਦੇ ਸਟਾਰਸਿ਼ਪ ਹਸਤਪਾਲ `ਚ ਲਿਆਂਦਾ ਗਿਆ ਸੀ। ਭਾਵੇਂ ਇਸ ਬਾਬਤ ਇਮੀਗਰੇਸ਼ਨ ਨਿਊਜ਼ੀਲੈਂਡ ਦਾਅਵਾ ਕਰ ਰਹੀ ਹੈ ਕਿ ਲੈਰੀ ਨੇ ਨਿਊਜ਼ੀਲੈਂਡ ਆਉਣ ਵਾਲੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਪਰ ਇਮੀਗਰੇਸ਼ਨ ਇਸ ਗੱਲ ਨੂੰ ਲੈ ਕੇ ਚੁੱਪ ਹੈ ਕਿ ਉਸਨੂੰ ਕਿਸ ਅਧਾਰ `ਤੇ ਨਿਊਜ਼ੀਲੈਂਡ ਅੰਦਰ ਦਾਖ਼ਲ ਹੋਣ ਦਿੱਤਾ ਗਿਆ ਸੀ ? ਜਦੋਂ ਕਿ ਦੇਸ਼ ਦੇ ਬਾਰਡਰ ਨਾਨ-ਸਿਟੀਜ਼ਨਜ ਲਈ ਬੰਦ ਹਨ। ਕੀ ਲੈਰੀ ਨੇ ਮੈਨੇਜਡ ਆਈਸੋਲੇਸ਼ਨ `ਚ 2 ਹਫ਼ਤੇ ਬਿਤਾਏ ਸਨ ? ਅਜਿਹੇ ਸਵਾਲਾਂ ਦਾ ਜਵਾਬ ਦੇਣ ਲਈ ਕੋਈ ਸਰਕਾਰੀ ਅਫ਼ਸਰ ਮੂੰਹ ਨਹੀਂ ਖੋਲ੍ਹ ਰਿਹਾ। ਪਰ ਨਿਊਜ਼ੀਲੈਂਡ ਦੇ ਬਿਜ਼ਨਸਮੈਨ ਤੇ ਵੇਅਰਹਾਊਸ ਦੇ ਫਾਊਂਡਰ ਸਰ ਸਟੀਫਨ ਟਿਨਡਾਲ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਲੈਰੀ ਪੇਜ ਆਪਣੇ ਬੱਚੇ ਦੇ ਆਕਲੈਂਡ ਹਸਪਤਾਲ `ਚ ਇਲਾਜ ਲਈ ਇੱਥੇ ਆਇਆ ਸੀ।
ਇਮੀਗਰੇਸ਼ਨ ਨਿਊਜ਼ੀਲੈਂਡ ਦੀ ਵੀਜ਼ਾ ਅਪਰੇਸ਼ਨਜ ਜਨਰਲ ਮੈਨੇਜਰ ਨਿਕੋਲਾ ਹੌਗ ਨੇ ਵੀ ਦਾਅਵਾ ਕੀਤਾ ਹੈ ਕਿ ਨਿਊਜ਼ੀਲੈਂਡ ਅੰਦਰ ਦਾਖ਼ਲ ਹੋਣ ਵਾਸਤੇ ਲੈਰੀ ਨੇ ਸ਼ਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਪਰ ਸਵਾਲ ਉੱਠ ਰਹੇ ਹਨ ਜਦੋਂ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਬਾਰਡਰ ਬੰਦ ਹੋਣ ਕਰਕੇ ਨਿਊਜ਼ੀਲੈਂਡ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਕਿ ਲੈਰੀ ਦੀ ਐਂਟਰੀ ਵਾਸਤੇ ਕਿਹੜਾ ਅਧਾਰ ਬਣਾਇਆ ਗਿਆ ਹੈ, ਜੋ ਨਿਊਜ਼ੀਲੈਂਡ ਦਾ ਸਿਟੀਜ਼ਨ ਨਾ ਹੋਣ ਦੇ ਬਾਵਜੂਦ ਦੇਸ਼ ਅੰਦਰ ਦਾਖ਼ਲ ਹੋ ਗਿਆ?
ਕੀ ਲੈਰੀ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ ? ਇਸ ਸਵਾਲ ਦਾ ਜਵਾਬ ਦੇਣ ਲਈ ਡਿਪਾਰਟਮੈਂਟ ਆਫ਼ ਇਨਟਰਨਲ ਅਫੇਅਰਜ਼ ਵੀ ਪਾਸਾ ਵੱਟ ਰਿਹਾ ਹੈ ਕਿ ਮਾਮਲਾ ਕਿਸੇ ਵਿਅਕਤੀ ਦੀ ਪ੍ਰਾਈਵੇਸੀ ਨਾਲ ਸਬੰਧਤ ਹੈ। ਇਨਟਰਨਲ ਅਫੇਅਰਜ਼ ਦੀ ਮਨਿਸਟਰ ਜੈਨ ਟਿਨੇਟੀ ਦੇ ਸਪੋਕਸਪਰਸਨ ਨੇ ਵੀ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਇਹ ਕੇਸ ਇਨਟਰਨਲ ਅਫੇਅਰਜ਼ ਡਿਪਾਰਟਮੈੈਂਟ ਦਾ ਅਪਰੇਸ਼ਨਲ ਇਸ਼ੂ ਹੈ।
ਉਧਰ, ਇਮੀਗਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ਅਨੁਸਾਰ ਨਿਯਮ ਇਹ ਹਨ ਕਿ ਜੇ ਕੋਈ ਇਲਾਜ ਲਈ ਨਿਊਜ਼ੀਲੈਂਡ ਆਉਣਾ ਚਾਹੁੰਦਾ ਹੈ ਤਾਂ ਉਸਨੂੰ ਮਨਿਸਟਰੀ ਆਫ ਹੈੱਲਥ ਜਾਂ ਡਿਸਟ੍ਰਿਕ ਹੈੱਲਥ ਬੋਰਡ ਤੋਂ ਪ੍ਰਵਾਨਗੀ ਲੈਂਦੀ ਪੈਂਦੀ ਹੈ। ਪਰ ਮਨਿਸਟਰੀ ਆਫ਼ ਹੈੱਲਥ ਦੇ ਸਪੋਕਸਪਰਸਨ ਨੇ ਵੀ ਕਿਸੇ ਵਿਅਕਤੀ ਦੀ ਪ੍ਰਾਈਵੇਸੀ ਦਾ ਮਾਮਲਾ ਦੱਸ ਕੇ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਹੈ। ਪਰ ਸਟੇਟਮੈਂਟ `ਚ ਇੰਨਾ ਜ਼ਰੂਰ ਕਿਹਾ ਹੈ ਕਿ ਜੇਕਰ ਕਿਸੇ ਮਰੀਜ਼ ਮੈਡੇਵਿਕ ਫਲਾਈਟ ਭਾਵ ‘ਏਅਰ ਐਂਬੂਲੈਂਸ’ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਉਸਨੂੰ ਦੋ ਹਫ਼ਤੇ ਲਈ ਮੈਨੇਜਡ ਆਈਸੋੋਲੇਸ਼ਨ `ਚ ਹਫ਼ਤੇ ਰਹਿਣਾ ਜ਼ਰੂਰੀ ਨਹੀਂ ਹੁੰਦਾ। ਪਰ ਮੈਡੇਵਿਕ ਫਲਾਈਟ ਰਾਹੀਂ ਮਰੀਜ਼ ਨਾਲ ਆਉਣ ਵਾਲੇ ਕੇਅਰ ਟੇਕਰ ਨੂੰ ਦੋ ਹਫ਼ਤੇ ਦੀ ਆਈਸੋਲੇਸ਼ਨ ਲਈ ਜ਼ਰੂਰ ਭੇਜਿਆ ਜਾਂਦਾ ਹੈ। ਇਲਾਜ ਤੋਂ ਬਾਅਦ ਮਰੀਜ਼ ਲਈ ਦੋ ਹਫ਼ਤੇ ਦੀ ਆਈਸੋਲੇਸ਼ਨ ਜਾਂ ਦੇਸ਼ ਛੱਡ ਕੇ ਜਾਣਾ ਜ਼ਰੂਰੀ ਹੁੰਦਾ ਹੈ। ਅਜਿਹੇ ਮਰੀਜ਼ਾਂ ਨੂੰ ਖ਼ਰਚਾ ਵੀ ਆਪਣੀ ਜੇਬ ਚੋਂ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 30 ਜੂਨ ਤੱਕ ਪਿਛਲੇ ਸਾਲ ਦੌਰਾਨ 99 ਮਰੀਜ਼ਾਂ ਨੂੰ ਮੈਡੇਵਿਕ ਫਲਾਈਟ ਲਈ ਪ੍ਰਵਾਨਗੀ ਦਿੱਤੀ ਗਈ ਸੀ।
ਖ਼ੈਰ ! ਲੈਰੀ ਦੀ ਨਿਊਜ਼ੀਲੈਂਡ ਫੇਰੀ ਨਾਲ ਸਬੰਧਤ ਉੱਠ ਰਹੇ ਸਵਾਲ ਤਾਂ ਉਨ੍ਹਾਂ ਮਾਈਗਰੈਂਟਸ ਦੇ ਮਨਾਂ `ਚ ਵੀ ਜ਼ਰੂਰ ਉੱਠ ਰਹੇ ਹੋਣਗੇ, ਜੋ ਵੀਜ਼ਾ ਹੋਣ ਦੇ ਬਾਵਜੂਦ ਵੀ ਡੇਢ ਸਾਲ ਤੋਂ ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।

ADVERTISEMENT
NZ Punjabi News Matrimonials