Wednesday, 28 February 2024
05 August 2021 New Zealand

ਇਮੀਗਰੇਸ਼ਨ ਦੀ ਜਾਂਚ ਦੇ ਘੇਰੇ `ਚ ਆਇਆ ਨਾਨਕਸਰ ਠਾਠ ਮੈਨੁਰੇਵਾ.

ਇਮੀਗਰੇਸ਼ਨ ਦੀ ਜਾਂਚ ਦੇ ਘੇਰੇ `ਚ ਆਇਆ ਨਾਨਕਸਰ ਠਾਠ ਮੈਨੁਰੇਵਾ. - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)
ਨਿਊਜ਼ੀਲੈਂਡ `ਚ ਨਾਨਕਸਰ ਸੰਪਰਦਾ ਨਾਲ ਸਬੰਧਤ ਆਕਲੈਂਡ ਦੇ ਈਸ਼ਰ ਦਰਬਾਰ ਨਾਨਕਸਰ ਠਾਠ ਮੈਨੁਰੇਵਾ ਖਿਲਾਫ਼ ਇੱਕ ਪ੍ਰਚਾਰਕ ਵੱਲੋਂ ਦੋਸ਼ ਲਾਏ ਜਾਣ ਤੋਂ ਬਾਅਦ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਠਾਠ ਦੇ ਅਣਪੇਡ ਟਰੱਸਟੀ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲਾਂ ਵਾਲੇ ਪ੍ਰਬੰਧਕ ਨਾਲ ਸਬੰਧਤ ਹੈ। ਪਰ ਪਹਿਲਾਂ ਵਾਲੇ ਮੈਨੇਜਰ ਨੇ ਕੁੱਝ ਵੀ ਕਹਿਣ ਤੋਂ ਚੁੱਪ ਵੱਟ ਲਈ ਹੈ।
ਕੌਮੀ ਮੀਡੀਆ ਸਟੱਫ ਦੀ ਇੱਕ ਰਿਪੋਰਟ ਅਨੁਸਾਰ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਕੰਪਲਾਇੰਸ ਬੌਸ ਸਟੀਵ ਵੁਆਨ ਨੇ ਭਾਵੇਂ ਜਾਂਚ ਬਾਰੇ ਖੁੱਲ੍ਹ ਕੇ ਖੁਲਾਸਾ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਹੋਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਈਸ਼ਰ ਦਰਬਾਰ ਖਿਲਾਫ਼ ਲੱਗੇ ਦੋਸ਼ਾਂ ਨੂੰ ਗੰਭੀਰ ਮੰਨਿਆ ਗਿਆ ਹੈ ਅਤੇ ਹੋਰ ਲੋਕਾਂ ਤੋਂ ਵੀ ਆਸ ਰੱਖਦੇ ਹਨ ਕਿ ਉਹ ਵੀ ਇਸ ਬਾਬਤ ਹੋਰ ਸੂਚਨਾ ਦੇਣ ਲਈ ਅੱਗੇ ਆਉਣ।
ਮੀਡੀਆ ਰਿਪੋਰਟ ਮੁਤਾਬਕ ਈਸ਼ਰ ਦਰਬਾਰ ਠਾਠ ਲਈ ਬਿਨਾਂ ਤਨਖ਼ਾਹ ਤੋਂ ਕੰਮ ਕਰਨ ਵਾਲੇ ਟਰੱਸਟੀ ਰਣਬੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਜਾਂਚ ਲਈ ਇਮੀਗਰੇਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਪਰ ਇਹ ਸਿ਼ਕਾਇਤਾਂ ਪਹਿਲਾਂ ਵਾਲੇ ਮੈਨੇਜਰ ਕਾਰਜਕਾਲ ਨਾਲ ਸਬੰਧਤ ਹਨ। ਇਸ ਸਬੰਧੀ ਪਹਿਲਾਂ ਰਹਿ ਚੁੱਕੇ ਮੈਨੇਜਰ ਰਾਜਵਿੰਦਰ ਸਿੰਘ ਰਾਜੂ ਨੇ ਕੋਈ ਵੀ ਕੁੱਝ ਕਹਿਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਵਕੀਲ ਲੈਸਟਰ ਕੌਰਡਵਿਲ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ ਦੇ ਸਬੰਧ `ਚ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦੇ।
ਇਸ ਸਬੰਧੀ ਰਿਲੀਜਸ ਵਰਕ ਵੀਜ਼ਾ ਪ੍ਰਾਪਤ ਕਰਨ ਵਾਲੇ ਚਾਰ ਵਿਅਕਤੀਆਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਲਿਆਉਣ ਬਦਲੇ 21 ਹਜ਼ਾਰ ਡਾਲਰ ਲਏ ਗਏ ਸਨ ਅਤੇ ਰੈਜੀਡੈਂਸ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਇੰਡੀਆ `ਚ ਇਸੇ ਸੰਪਰਦਾ ਦਾ ਗੁਰਦੁਆਰਾ ਪ੍ਰਬੰਧਕ ਚਲਾਉਣ ਵਾਲੇ ਪਰਮਜੀਤ ਸਿੰਘ ਲਾਲੀ ਦੇ ਕਹਿਣ `ਤੇ ਹੀ ਉਨ੍ਹਾਂ ਨੇ ਕੋਰੇ ਕਾਗਜ਼ਾਂ `ਤੇ ਦਸਤਖ਼ਤ ਕੀਤੇ। ਹਾਲਾਂਕਿ ਲਾਲੀ ਦਾ ਕਹਿਣਾ ਹੈ ਅਜਿਹਾ ਕੁੱਝ ਨਹੀਂ ਹੋਇਆ।
ਜਿ਼ਕਰਯੋਗ ਹੈ ਕਿ ਮਈ ਮਹੀਨੇ ਵੀ ਇਹ ਮਾਮਲਾ ਉਸ ਵੇਲੇ ਚਰਚਾ `ਚ ਆਇਆ ਸੀ ਜਦੋਂ ਇਸੇ ਠਾਠ ਨਾਲ ਸਬੰਧਤ ਇਕ ਰਿਲੀਜਸ ਵਰਕਰ ਤਰਸੇਮ ਸਿੰਘ ਨੇ ਨਿਊਜ਼ੀਲੈਂਡ ਦੀ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਕੋਲ ਸਿ਼ਕਾਇਤ ਕੀਤੀ ਸੀ ਕਿ ਠਾਠ ਪ੍ਰਬੰਧਕਾਂ ਨੇ ਉਸ ਤੋਂ ਧਾਰਮਿਕ ਕੰਮਾਂ ਤੋਂ ਇਲਾਵਾ ਹੋਰ ਕੰਮ ਵੀ ਕਰਵਾਏ ਗਏ ਸਨ ਅਤੇ ਉਸਦਾ ਜਾਆਲੀ ਪਾਸਪੋਰਟ ਬਣਵਾ ਕੇ ਦਿੱਤਾ ਸੀ। ਇਸ ਗੱਲ ਦੀ ਗਵਾਹੀ ਇਕਬਾਲ ਸਿੰਘ ਨੇ ਵੀ ਭਰੀ ਸੀ।
ਇਸ ਸਮੇਂ ਤਰਸੇਮ ਸਿੰਘ ਰਿਲੇਸ਼ਨਜ ਅਥਾਰਿਟੀ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ। ਅਥਾਰਿਟੀ `ਚ ਵਕੀਲ ਮੇਅ ਮੌਨਕਰ ਇਸ ਕੇਸ ਦੀ ਪੈਰਵੀ ਕਰ ਰਹੇ ਹਨ ਅਤੇ ਇਮੀਗਰੇਸ਼ਨ ਵਿਭਾਗ `ਚ ਵਕੀਲ ਟਾਉਰਿਕੀ ਡੈਲਮੇਅਰ ਇਸ ਕੇਸ ਨੂੰ ਵੇਖ ਰਹੇ ਹਨ ਕਿ ਕੀ ਤਰਸੇਮ ਸਿੰਘ ਨੂੰ ਡੀਪੋਰਟ ਕੀਤਾ ਜਾ ਸਕਦਾ ਹੈ ਜਾਂ ਨਹੀਂ?
ਇਸ ਸਬੰਧ `ਚ ਐਨਜ਼ੈੱਡ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਅਣਪੇਡ ਟਰੱਸਟੀ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦਾ ਈਸ਼ਰ ਦਰਬਾਰ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਸਪੌਂਸਰਸਿ਼ਪਜ ਨਾਲ ਕੋਈ ਸਬੰਧ ਨਹੀਂ ਹੈ। ਉਹ ਸਾਲ 2015 `ਚ ਨਿਊਜ਼ੀਲੈਂਡ ਆਉਣ ਤੋਂ ਬਾਅਦ ਸਾਲ 2018 `ਚ ਹੀ ਗੁਰਦੁਆਰੇ ਨਾਲ ਜੁੜੇ ਸਨ। ਸੰਧੂ ਨੇ ਆਪਣੇ ਆਪ ਨੂੰ ਵਿਵਾਦਾਂ ਤੋਂ ਦੂਰ ਕਰਦਿਆਂ ਸਪੱਸ਼ਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਪਹਿਲਾਂ ਵਾਲੀ ਮੈਨੇਜਮੈਂਟ ਨਾਲ ਰੁੱਸੇ ਹੋਏ ਵਿਅਕਤੀ ਪੁਰਾਣੇ ਮਾਮਲਿਆਂ ਨੂੰ ਲੈ ਕੇ ਜੇ ਠਾਠ ਖਿਲਾਫ਼ ਸਿ਼ਕਾਇਤ ਕਰਦੇ ਹਨ ਤਾਂ ਬਾਅਦ `ਚ ਗੁਰੂਘਰ ਨਾਲ ਜੁੜਨ ਵਾਲੇ ਟਰੱਸਟੀਆਂ ਦਾ ਕਸੂਰ ਨਹੀਂ।

ADVERTISEMENT
NZ Punjabi News Matrimonials