ਆਕਲੈਂਡ (ਹਰਪ੍ਰੀਤ ਸਿੰਘ) - ਸ਼ਲੋਕ ਕਾਂਤ ਜੋ ਕਿ ਬੀਤੇ ਲਗਭਗ ਇੱਕ ਦਹਾਕੇ ਤੋਂ ਨਿਊਜੀਲੈਂਡ ਰਹਿ ਰਿਹਾ ਸੀ ਤੇ ਇਸ ਵੇਲੇ ਨਿਊਜੀਲੈਂਡ ਦੀ ਸਿਟੀਜਨਸ਼ਿਪ ਹਾਸਿਲ ਕਰ ਚੁੱਕਾ ਹੈ। ਪਰ ਇਮੀਗ੍ਰੇਸ਼ਨ ਦੇ ਮਾੜੇ ਵਤੀਰੇ ਕਾਰਨ ਉਹ ਨਿਊਜੀਲੈਂਡ ਛੱਡਣ ਦੀ ਸੋਚ ਰਿਹਾ ਹੈ।
ਦਰਅਸਲ ਵਾਇਕਾਟੋ ਯੂਨੀਵਰਸਿਟੀ ਨਾਲ ਬੜੇ ਵਧੀਆ ਅਹੁਦੇ 'ਤੇ ਕੰਮ ਕਰਦੇ ਸ਼ਲੋਕ ਕਾਂਤ ਦੀ ਘਰਵਾਲੀ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੀਜਾ ਰਿਫਿਊਜ਼ ਕਰ ਦਿੱਤਾ ਹੈ ਤੇ ਸ਼ਲੋਕ ਦਾ ਮੰਨਣਾ ਹੈ ਕਿ ਜਿੱਥੇ ਉਸਦਾ ਪਰਿਵਾਰ ਨਹੀਂ ਉੱਥੇ ਉਸਦਾ ਗੁਜਾਰਾ ਵੀ ਨਹੀਂ ਹੋ ਸਕਦਾ।
ਸ਼ਲੋਕ ਆਪਣੀ ਪਤਨੀ ਨੂੰ ਨਿਊਜੀਲੈਂਡ ਬੁਲਾਉਣ ਲਈ ਵਿਸ਼ੇਸ਼ ਤੌਰ 'ਤੇ ਭਾਰਤ ਗਿਆ ਸੀ, ਜਿੱਥੇ ਉਸਨੇ ਵੀਜਾ ਅਗਜੰਪਸ਼ਨ ਮੰਗੀ ਸੀ ਤੇ ਜਨਵਰੀ 2021 ਸ਼ੁਰੂਆਤ ਵਿੱਚ ਇਸ ਲਈ ਇਮੀਗ੍ਰੇਸ਼ਨ ਕੋਲ ਵੀਜਾ ਫਾਈਲ ਲਾਈ ਸੀ, ਵਿਆਹ ਬਿਲਕੁਲ ਸੱਚਾ ਸੀ ਤੇ ਇਸਦੇ ਸਬੂਤ ਵਜੋਂ ਉਸਨੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਦੀਆਂ ਸਟੇਟਮੈਂਟਾਂ ਸਮੇਤ, ਘਰਵਾਲੀ ਨਾਲ ਕੀਤੀ ਚੈਟ ਤੱਕ ਇਮੀਗ੍ਰੇਸ਼ਨ ਨੂੰ ਦਿਖਾ ਦਿੱਤੀ, ਪਰ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਲਗਭਗ 2 ਮਹੀਨੇ ਕੋਈ ਜੁਆਬ ਨਾ ਆਇਆ ਤੇ ਸਭ ਤੋਂ ਵੱਡੀ ਇਸ ਮਾਮਲੇ ਵਿੱਚ ਇਹ ਗੱਲ ਸੀ ਕਿ ਸ਼ਲੋਕ ਖਾਸਤੌਰ 'ਤੇ ਪਤਨੀ ਨੂੰ ਲੈਣ ਭਾਰਤ ਗਿਆ ਸੀ ਤੇ ਅਜਿਹੇ ਕੇਸਾਂ ਅਗਜੰਪਸ਼ਨ ਦਿੱਤੇ ਜਾਣਾ ਲਗਭਗ ਪੱਕਾ ਹੀ ਹੁੰਦਾ ਹੈ।
ਅੰਤ ਜਦੋਂ ਸ਼ਲੋਕ ਨਿਊਜੀਲੈਂਡ ਆ ਪੁੱਜਾ ਤਾਂ ਇੱਥੇ ਆਉਣ ਤੋਂ ਬਾਅਦ ਉਸਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਦੱਸਿਆ ਕਿ ਉਸ ਦੀ ਘਰਵਾਲੀ ਨੂੰ ਵੀਜਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਨਿਯਮਾਂ ਮੁਤਾਬਲ ਸ਼ਲੋਕ ਅਗਜੰਪਸ਼ਨ ਹਾਸਿਲ ਕਰਨ ਲਈ ਭਾਰਤ ਵਿੱਚ ਮੌਜੂਦ ਨਹੀਂ ਹੈ।
ਹੁਣ ਇਹ ਤਾਂ ਸਰਾਸਰ ਧੱਕਾ ਹੀ ਹੋਇਆ। ਸ਼ਲੋਕ ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਨੂੰ ਕੀ ਜੁਆਬ ਦੇਵੇ, ਉਸਨੂੰ ਕੁਝ ਨਹੀਂ ਸੁੱਝ ਰਿਹਾ।