ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਦੇ ਨਿਊਜੀਲੈਂਡ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਸਰ ਮਿਸ਼ਲ ਕੁਲਨ ਦੀ 76 ਸਾਲ ਦੀ ਉਮਰ ਵਿੱਚ ਮੌਤ ਹੋਣ ਦੀ ਖਬਰ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਨੈਸ਼ਨਲ ਸੁਪਰਐਨੁਏਸ਼ਨ ਫੰਡ ਤੇ ਕੀਵੀ ਸੇਵਰ ਸਕੀਮ ਲਈ ਵੀ ਬਹੁਤ ਅਹਿਮ ਭੂਮਿਕਾ ਨਿਭਾਈ ਸੀ।
ਮਾਰਚ 2020 ਵਿੱਚ ਉਨ੍ਹਾਂ ਵਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਅਡਵਾਂਸ ਲੰਗ ਕੈਂਸਰ ਹੋ ਗਿਆ ਹੈ।
1999 ਤੇ 2008 ਵਿੱਚ ਲੇਬਰ ਦੀ ਹੈਲਨ ਕਲਾਰਕ ਦੀ ਸਰਕਾਰ ਵਿੱਚ ਉਹ ਫਾਇਨਾਂਸ ਮਨਿਸਟਰ ਸਨ
ਸੇਂਟ ਕਿਲਦਾ ਲਈ ਉਹ 1981 ਤੋਂ 1999 ਤੱਕ ਬਤੌਰ ਮੈਂਬਰ ਪਾਰਲੀਮੈਂਟ ਚੁਣੇ ਗਏ ਤੇ ਫਿਰ 2008 ਤੱਕ ਪਾਰਟੀ ਦੇ ਲਿਸਟ ਮੈਂਬਰ ਪਾਰਲੀਮੈਂਟ ਵੀ ਰਹੇ।
ਉਸ ਉਪਰੰਤ ਉਹ ਨਿਊਜੀਲੈਂਡ ਪੋਸਟ ਦੇ ਪ੍ਰਧਾਨ ਵੀ ਰਹੇ, ਦ ਅਰਥਕੁਇਕ ਕਮਿਸ਼ਨ ਤੇ ਦ ਟੈਕਸ ਵਰਕਿੰਗ ਗਰੁੱਪ ਲਈ ਵੀ ਕੰਮ ਕੀਤਾ।
1945 ਵਿੱਚ ਲੰਡਨ ਵਿੱਚ ਪੈਦਾ ਹੋਏ ਸਰ ਮਿਸ਼ਲ ਪਰਿਵਾਰ ਸਮੇਤ 10 ਸਾਲ ਦੀ ਉਮਰ ਵਿੱਚ ਕ੍ਰਾਈਸਚਰਚ ਆ ਗਏ ਸਨ। ਉਨ੍ਹਾਂ ਇਲਾਕੇ ਦੇ ਕ੍ਰਾਈਸਟ ਕਾਲਜ ਤੋਂ ਪੜ੍ਹਾਈ ਕੀਤੀ ਤੇ ਕੈਂਟਰਬਰੀ ਯੂਨੀਵਰਸਿਟੀ ਵਿੱਚ ਉਨ੍ਹਾਂ ਮੈਥਮੈਟਿਕਸ ਦੀ ਡਿਗਰੀ ਦੀ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਅੱਗੇ ਪੜ੍ਹਾਈ ਕਰਦਿਆਂ ਉਨ੍ਹਾਂ ਏਡੀਨਬਰਗ ਯੂਨੀਵਰਸਿਟੀ ਤੋਂ ਇਕਨਾਮਿਕ ਹਿਸਟਰੀ ਦੀ ਡਾਕਟਰੇਟ ਵੀ ਕੀਤੀ। ਆਪਣੇ ਪੜ੍ਹਾਈ ਦੇ ਸਮੇਂ ਉਨ੍ਹਾਂ ਕਈ ਸਕਾਲਰਸ਼ਿਪ ਵੀ ਹਾਸਿਲ ਕੀਤੀਆਂ।