ਆਕਲੈਂਡ : ਅਵਤਾਰ ਸਿੰਘ ਟਹਿਣਾ
ਲੋਕਾਂ ਨੂੰ ਕਾਨੂੰਨੀ ਨੁਕਤੇ ਦੱਸਣ ਵਾਲਾ ਨਿਊਜ਼ੀਲੈਂਡ ਦਾ ਇੱਕ ਇਮੀਗਰੇਸ਼ਨ ਬਰਿਸਟਰ ਖੁਦ ਹੀ ਕਾਨੂੰਨੀ ਸਿਕੰਜੇ `ਚ ਫਸ ਗਿਆ ਹੈ। ਅਦਾਲਤ ਨੇ ਉਸਨੂੰ ਝਾੜ ਪਾਉਂਦਿਆਂ ਝੂਠਾ ਦੱਸਿਆ ਅਤੇ 7 ਮਹੀਨੇ ਘਰ `ਚ ਕੈਦ ਕਰਕੇ ਰੱਖਣ ਦੀ ਸਜ਼ਾ ਸੁਣਾਈ ਹੈ। ਇੰਨਾ ਹੀ ਨਹੀਂ, ਉਸਦੀ ਪਤਨੀ ਨੂੰ ਵੀ 32 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਹੈ। ਇਹ ਜੋੜਾ ਕਈ ਸਾਲਾਂ ਤੋਂ ਟੈਕਸ ਜਮ੍ਹਾਂ ਕਰਾਉਣ ਲਈ ਟਾਲ-ਮਟੋਲ ਕਰਦਾ ਆ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗਰੇਸ਼ਨ ਬਰਿਸਟਰ ਜੋਸਫ਼ ਮਾਈਕਲ ਚਾਂਦ (67 ਸਾਲ) ਨੂੰ ਬੀਤੇ ਦਿਨੀਂ ਟੌਰੰਗਾ ਡਿਸਟ੍ਰਿਕ ਕੋਰਟ `ਚ ਜੱਜ ਥੋਮਸ ਇਨਗਰਾਮ ਅੱਗੇ ਪੇਸ਼ ਕੀਤਾ ਗਿਆ। ਜਿੱਥੇ ਉਸਨੇ ਆਪਣੇ ਖਿਲਾਫ਼ 17 ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਹਾਲਾਂਕਿ ਅਦਾਲਤ `ਚ ਪੇਸ਼ ਹੋਣ ਤੋਂ ਪਹਿਲਾਂ ਉਸਨੇ 92 ਹਜ਼ਾਰ ਡਾਲਰ ਦਾ ਟੈਕਸ ਭਰ ਦਿੱਤਾ ਸੀ। ਉਹ ਆਪਣੀ ਪਤਨੀ ਅਨੀਤਾ ਕੁਮਾਰੀ ਚਾਂਦ (66 ਸਾਲ) ਤਰਫ਼ੋਂ ਸਾਲ 2005 ਤੋਂ ਲੈ ਕੇ 2020 ਦੌਰਾਨ ਸਲਾਨਾ ਇਨਕਮ ਟੈਕਸ ਰਿਟਰਨਾਂ ਪੇਸ਼ ਕਰਨ ਤੋਂ ਟਲਦਾ ਆ ਰਿਹਾ ਸੀ। ਉਸਦੀ ਪਤਨੀ ਲੈਬਾਰਟਰੀ ਟੈਕਨੀਸ਼ੀਅਨ ਮੈਨੇਜਰ ਹੈ ਅਤੇ ਉਸਨੇ ਵੀ ਆਪਣੇ ਖਿਲਾਫ਼ ਲੱਗੇ 16 ਦੋਸ਼ਾਂ ਨੂੰ ਕਬੂਲ ਕਰ ਲਿਆ ਸੀ।
ਅਦਾਲਤ ਦੇ ਧਿਆਨ `ਚ ਇਹ ਗੱਲ ਵੀ ਆਈ ਸੀ ਕਿ ਇਹ ਜੋੜਾ ਸਾਲ 1993 ਤੋਂ ਹੀ ਇਨਲੈਂਡ ਐਂਡ ਰੈਵੀਨਿਊ ਵਿਭਾਗ ਤੋਂ ਟੈਕਸ ਭਰਨ ਦੇ ਸਿਲਸਿਲੇ `ਚ ਟਾਈਮ ਦੀ ਐਕਟੈਂਨਸ਼ਨ ਲੈਂਦਾ ਆ ਰਿਹਾ ਸੀ। ਪਰ ਉਹ ਆਈਆਰਡੀ ਵਿਭਾਗ ਨਾਲ ਲਗਾਤਾਰ ਸੰਪਰਕ `ਚ ਰਹਿੰਦਾ ਸੀ ਅਤੇ ਬਿਮਾਰੀ ਤੋਂ ਇਲਾਵਾ ਪੜ੍ਹਾਈ, ਕੰਮ ਦੇ ਬੋਝ ਅਤੇ ਘਰੇਲੂ ਜਿੰਮੇਵਾਰੀਆਂ ਵਰਗੇ ਕਈ ਤਰ੍ਹਾਂ ਦੇ ਬਹਾਨੇ ਕਰਦਾ ਰਹਿੰਦਾ ਸੀ।
ਆਈਆਰੀਡੀ ਦੇ ਪ੍ਰੌਸੀਕਿਊਟਰ ਡੈਨੀਅਲ ਫਿਲਿਪਸ ਨੇ ਬਹਿਸ ਦੌਰਾਨ ਮੁੱਖ ਸੂਤਰਧਾਰ ਲਈ ਕੈਦ ਦੀ ਮੰਗ ਕੀਤੀ ਸੀ ਅਤੇ ਇਹ ਵੀ ਆਖਿਆ ਸੀ ਇਸਨੇ ਜਾਣਬੁੱਝ ਕੇ 92 ਹਜ਼ਾਰ ਡਾਲਰ ਭਰ ਕੇ ਖਹਿੜਾ ਛੁਡਵਾਉਣ ਦੀ ਕੋਸਿ਼ਸ਼ ਕੀਤੀ ਹੈ ਜਦੋਂ ਇਹ ਜੋੜਾ ਇਸ ਨਾਲੋਂ ਵੀ ਵੱਧ ਟੈਕਸ ਭਰਨ ਦੀ ਹੈਸੀਅਤ ਰੱਖਦਾ ਹੈ।
ਆਈਆਰਡੀ ਦੇ ਕਮਿਸ਼ਨਰ ਦਾ ਵੀ ਇਹ ਕਹਿਣਾ ਹੈ ਕਿ ਚਾਂਦ ਜੋੜੇ ਨੇ ਟੈਕਸ ਭਰਨ ਤੋਂ ਬਚਣ ਲਈ ਜਾਣਬੁੱਝ ਕੇ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਸੀ।
ਉਧਰ, ਬਚਾਅ ਪੱਖ ਦੇ ਵਕੀਲ ਜੇਮਜ ਕੌਲਮਨ ਨੇ ਦਲੀਲ ਦਿੱਤੀ ਸੀ ਕਿ ਇਸ ਕੇਸ `ਚ ਕੋਈ ਧੋਖਾਧੜੀ ਨਹੀਂ ਹੋਈ, ਸਿਰਫ਼ ਟੈਕਸ ਭਰਨ `ਚ ਦੇਰੀ ਹੋਈ ਹੈ। ਜਿਸ ਕਰਕੇ ਜੇਲ੍ਹ ਵਾਲੀ ਕੈਦ ਦੀ ਬਜਾਏ ਘਰ `ਚ ਕੈਦ ਜਾਂ ਜੁਰਮਾਨਾ ਹੀ ਜਿਆਦਾ ਢੁਕਵੀਂ ਸਜ਼ਾ ਹੈ। ਜੱਜ ਨੇ ਇਹ ਦਲੀਲ ਰੱਦ ਕਰ ਦਿੱਤੀ ਕਿ ਚਾਂਦ ਇੱਕ ਸਫ਼ਲ ਤਜਰਬੇਕਾਰ ਬਰਿਸਟਰ ਹੈ।
ਜੱਜ ਨੇ ਸਜ਼ਾ ਸੁਣਾਉਂਦਿਆਂ ਮਾਈਕਲ ਚਾਂਦ ਨੂੰ ਸੱਤ ਮਹੀਨੇ ਘਰ `ਚ ਕੈਦ ਅਤੇ ਉਸਦੀ ਪਤਨੀ ਅਨੀਤਾ ਚਾਂਦ ਨੂੰ 32 ਹਜ਼ਾਰ ਡਾਲਰ ਦਾ ਜ਼ੁਰਮਾਨਾ ਅਤੇ ਕੋਰਟ ਫ਼ੀਸ ਜਮ੍ਹਾ ਕਰਾਉਣ ਦਾ ਹੁਕਮ ਦਿੰਦਿਆਂ ਜੋੜੇ ਦੀ ਉਮਰ ਅਤੇ ਪਿਛਲਾ ਰਿਕਾਰਡ ਸਾਫ਼ ਹੋਣ ਦਾ ਖਿਆਲ ਕਰਦਿਆਂ ਕੁੱਝ ਰਾਹਤ ਵੀ ਦੇ ਦਿੱਤੀ। ਪਰ ਜੱਜ ਨੇ ਅਦਾਲਤ `ਚ ਸਭ ਦੇ ਸਾਹਮਣੇ ਬਰਿਸਟਰ ਚਾਂਦ ਦੀ ਚੰਗੀ ਕਲਾਸ ਲਾਈ ਕਿ ਉਸਨੇ ਸਭ ਕੁੱਝ ਜਾਣਦੇ ਹੋਏ ਵੀ ਟੈਕਸ ਭਰਨ ਤੋਂ ਟਾਲ-ਮਟੋਲ ਕੀਤੀ ਹੈ ਅਤੇ ਪੜ੍ਹੇ-ਲਿਖੇ ਲੋਕਾਂ ਵੱਲੋਂ ਜਾਣਬੁੱਝ ਕੇ ਇਨਕਮ ਟੈਕਸ ਨਾ ਭਰਨਾ ਬਹੁਤ ਸੀਰੀਅਸ ਮੈਟਰ ਹੈ।