ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਨਿਊਜੀਲੈਂਡ ਸਰਕਾਰ ਨੇ ਮੈਂਡੇਟਰੀ ਵੈਕਸੀਨੇਸ਼ਨ ਰਿਕੁਆਇਰਮੈਂਟ ਤਹਿਤ ਪੋਰਟ ਅਤੇ ਏਅਰਪੋਰਟ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਵੈਕਸੀਕਰਨ ਕੀਤੇ ਜਾਣਾ ਲਾਜਮੀ ਕੀਤਾ ਸੀ।
ਸ਼ਿੱਪ ਤੋਂ ਸਮਾਨ ਉਤਾਰਣ ਵਾਲੇ ਕਰਮਚਾਰੀ, ਐਮ ਆਈ ਕਿਊ ਫਸੀਲਟੀ ਜਾਂ ਏਅਰਪੋਰਟ 'ਤੇ ਕੰਮ ਕਰਨ ਵਾਲੇ ਕਰਮਚਾਰੀ, ਅਕਮੋਡੇਸ਼ਨ ਵਿੱਚ ਕੰਮ ਕਰਨ ਵਾਲੇ ਕਰਮਚਾਰੀ (ਜਿੱਥੇ ਏਅਰ ਕਰੂ ਦੇ ਮੈਂਬਰ ਆਈਸੋਲੇਟ ਕਰਦੇ ਹਨ) ਇਨ੍ਹਾਂ ਸਾਰਿਆਂ ਦਾ ਵੈਕਸੀਨੇਸ਼ਨ ਲਗਵਾਉਣਾ ਲਾਜਮੀ ਹੈ।
ਅਜਿਹੀਆਂ ਕੰਪਨੀਆਂ ਦੇ ਕਰਮਚਾਰੀਆਂ ਦਾ ਵੀ ਵੈਕਸੀਨੇਸ਼ਨ ਲਗਵਾਉਣਾ ਲਾਜਮੀ ਹੈ, ਜੋ ਏਅਰ ਕਰਾਫਟ ਜਾਂ ਐਮ ਆਈ ਕਿਊ ਵਿੱਚ ਸੇਵਾਵਾਂ ਆਦਿ ਮੁੱਹਈਆ ਕਰਵਾਉਂਦੀਆਂ ਹਨ।
ਇਸ ਸਭ ਦੇ ਵਿਚਾਲੇ ਇਹ ਸੁਆਲ ਵੀ ਉੱਠਣ ਲੱਗ ਪਏ ਹਨ ਕਿ ਕੀ ਉਨ੍ਹਾਂ ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਨੂੰ ਮਾਲਕ ਨੌਕਰੀ ਤੋਂ ਜੁਆਬ ਦੇ ਸਕਦਾ ਹੈ, ਜੋ ਵੈਕਸੀਨ ਨਹੀਂ ਲਗਵਾਏਗਾ?
ਇਸ ਸਬੰਧੀ ਇਮਪਲਾਇਮੈਂਟ ਲਾਅ ਮਾਹਿਰ ਜੈਨੀਫਰ ਮਿਲਜ਼ ਦਾ ਕਹਿਣਾ ਹੈ ਕਿ ਇਸ ਬਾਰੇ ਸਾਫ ਤੌਰ 'ਤੇ ਕੀਤੇ ਵੀ ਨਹੀਂ ਲਿਖਿਆ ਗਿਆ ਹੈ ਕਿ ਮਾਲਕ ਕਰਮਚਾਰੀ ਨੂੰ ਵੈਕਸੀਨੇਸ਼ਨ ਨਾਲ ਲਗਵਾਉਣ 'ਤੇ ਕੱਢ ਸਕਦਾ ਹੈ।
ਪਰ ਕਿਉਂਕਿ ਇਹ ਮਾਮਲਾ ਆਪਣੀ ਨਿੱਜੀ ਸਿਹਤ ਸੁਰੱਖਿਆ ਤੇ ਦੂਜਿਆਂ ਦੀ ਸਿਹਤ ਸੁਰੱਖਿਆ ਨਾਲ ਸਿੱਧਾ ਜੁੜਿਆ ਹੈ, ਇਸੇ ਲਈ ਮਾਲਕ, ਕਰਮਚਾਰੀ ਨੂੰ ਕੱਢਣ 'ਤੇ ਇਹ ਤਰਕ ਦਿੰਦਿਆਂ, ਇਸਨੂੰ ਨਿਆਂ-ਸੰਗਤ ਦੱਸ ਸਕਦਾ ਹੈ।