-ਸੁਪਰੀਮ ਸਿੱਖ ਸੁਸਾਇਟੀ ਦੇ ਸਲਾਨਾ ਇਜਲਾਸ `ਚ ਕਈ ਅਹਿਮ ਮਤੇ ਪਾਸ
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਸਿੱਖ ਭਾਈਚਾਰੇ ਨੇ ਅੱਜ ਇਕ ਹੋਰ ਹੰਭਲਾ ਮਾਰਦਿਆਂ ਸਵਾ ਪੰਜ ਏਕੜ ਜ਼ਮੀਨ ਖ੍ਰੀਦ ਲਈ ਸਰਬਸੰਮਤੀ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਤੋਂ ਕੁੱਝ ਦੂਰ ਇਸ ਜ਼ਮੀਨ `ਤੇ ਸਿੱਖ ਸੰਗਤ ਅਤੇ ਹੋਰ ਕਮਿਊਨਿਟੀਜ਼ ਦੀ ਬਿਹਤਰੀ ਲਈ ਭਵਿੱਖ `ਚ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਰਜਕਾਰੀ ਕਮੇਟੀ ਨੂੰ ਹੋਰ ਅਖਤਿਆਰ, ਤਿੰਨ ਮੰਜ਼ਲੀ ਇਮਾਰਤ ਬਣਾਉਣ ਅਤੇ 20 ਹਜ਼ਾਰ ਡਾਲਰ ਦਾ ਐਮਰਜੈਂਸੀ ਫੰਡ ਸਥਾਪਿਤ ਕਰਨ ਬਾਰੇ ਮਹੱਤਵਪੂਰਨ ਮਤੇ ਪਾਸ ਕੀਤੇ ਗਏ ਹਨ।
ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਲੌਕਡਾਊਨ ਦੌਰਾਨ ਅੱਜ 42ਵੇਂ ਸਲਾਨਾ ਇਜਲਾਸ ਦੌਰਾਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਚੋਂ ਜੂਮ ਮੀਟਿੰਗ ਰਾਹੀਂ ਭਾਗ ਲੈਣ ਵਾਲੇ ਸੁਸਾਇਟੀ ਦੇ 250 ਤੋਂ ਵੱਧ ਮੈਂਬਰਾਂ ਨੇ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦਿੰਦਿੰਆਂ 111 ਪੋਪਸ ਰੋਡ ਟਾਕਾਨਿਨੀ `ਤੇ 41 ਲੱਖ 70 ਹਜ਼ਾਰ ਡਾਲਰ ਦੀ ਕੀਮਤ ਨਾਲ ਸਵਾ ਪੰਜ ਏਕੜ ਤੋਂ ਵੱਧ ਜ਼ਮੀਨ ਖ੍ਰੀਦਣ ਲਈ ਪੂਰੇ ਜੋਸ਼ੋ-ਖਰੋਸ਼ ਅਤੇ ਸਰਬਸੰਮਤੀ ਨਾਲ ਮਤੇ ਨੂੰ ਪ੍ਰਵਾਨਗੀ ਦਿੱਤੀ। ਇਹ ਜ਼ਮੀਨ ਖ੍ਰੀਦਣ ਦਾ ਪ੍ਰਾਜੈਕਟ ਸੁਸਾਇਟੀ ਦੇ ਖਜ਼ਾਨਚੀ ਰਣਵੀਰ ਸਿੰਘ ਲਾਲੀ ਦੀ ਅਗਵਾਈ `ਚ ਨੇਪਰੇ ਚਾੜ੍ਹਿਆ ਜਾਵੇਗਾ।
ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਦੀ ਚੇਅਰਮੈਨਸਿ਼ਪ ਹੇਠ ਹੋਏ ਸਲਾਨਾ ਇਜਲਾਸ `ਚ ਕਾਰਜਕਾਰੀ ਕਮੇਟੀ ਨੂੰ ਅਹਿਮ ਅਖਤਿਆਰ ਦਿੱਤੇ ਵੀ ਦਿੱਤੇ ਗਏ ਹਨ ਤਾਂ ਜੋ ਭਵਿੱਖ `ਚ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਕਿਸੇ ਵੀ ਕਿਸਮ ਦੀ ਨਵੀਂ ਪ੍ਰਾਪਰਟੀ ਖ੍ਰੀਦ ਜਨਰਲ ਇਜਲਾਸ ਦੀ ਉਡੀਕ ਕੀਤੇ ਬਗੈਰ ਮੌਕੇ `ਤੇ ਹੀ ਕਰ ਸਕੇ, ਕਿਉਂਕਿ ਇਸ ਤੋਂ ਪਹਿਲਾਂ ਇੱਕ ਅਹਿਮ ਪ੍ਰਾਪਰਟੀ ਹੱਥੋਂ ਨਿਕਲ ਚੁੱਕੀ ਹੈ।
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ `ਚ ਗੁਰੂਘਰ ਦੇ ਸਰੂਪ ਨਾਲ ਮਿਲਦੀ-ਜੁਲਦੀ 2790 ਸੁਕੇਅਰ ਮੀਟਰ `ਚ ਬਣਨ ਵਾਲੀ ਤਿੰਨ ਮੰਜ਼ਲੀ ਇਮਾਰਤ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਵਿੱਚ ਸਿੱਖ ਹੈਰੀਟੇਜ ਸਕੂਲ, ਪਾਠੀ-ਰਾਗੀ ਸਿੰਘਾਂ ਦੀ ਰਿਹਾਇਸ਼, ਲੰਗਰ ਹਾਲ ਅਤੇ ਕਾਨਫਰੰਸ ਹਾਲ ਦੀ ਬਣਾਏ ਜਾਣ ਦੀ ਤਜਵੀਜ਼ ਹੈ। ਜਿਸ ਰਾਹੀਂ ਵਿਆਹ-ਸ਼ਾਦੀਆਂ ਜਾਂ ਹੋਰ ਪ੍ਰਾਈਵੇਟ ਸਮਾਗਮ ਕਰਵਾਉਣ ਵਾਲਿਆਂ ਵਾਸਤੇ ਸੌਖ ਰਹੇਗੀ।
ਇਸੇ ਤਰ੍ਹਾਂ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ 20 ਹਜ਼ਾਰ ਡਾਲਰ ਦਾ ਫੰਡ ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨਿਊਜ਼ੀਲੈਂਡ `ਚ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਮੌਕੇ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਸਕੇ। ਇਸ ਦੇ ਲਈ ਇਕ ਵੱਖਰੀ ‘ਵਲੰਟੀਅਰ ਟੀਮ’ ਬਣਾਉਣ ਬਾਰੇ ਵੀ ਵਿਚਾਰ ਕੀਤੀ ਗਈ।
ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਰਾ ਵੱਲੋਂ ਸਾਰੇ ਮੈਂਬਰਾਂ ਦਾ ਸਵਾਗਤ ਕੀਤੇ ਜਾਣ ਤੋਂ ਬਾਅਦ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਸਟੇਜ ਸੰਚਾਲਨ ਦੌਰਾਨ ਸਮੱੁਚੀ ਜਾਣਕਾਰੀ ਸਾਂਝੀ ਕੀਤੀ ਅਤੇ ਮੈਂਬਰਾਂ ਤੋਂ ਕਈ ਤਰ੍ਹਾਂ ਦੇ ਸੁਝਾਅ ਪੁੱਛੇ। ਇਸ ਦੌਰਾਨ ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਤੇ ਸਾਬਕਾ ਮਨਿਸਟਰ ਮੈਟ ਰੌਬਸਨ, ਆਡੀਟਰ ਅਤੇ ਚਾਰਟਡ ਅਕਾਊਂਟੈਂਟ ਭਾਵਨ ਸਿੰਘਵੀ, ਅਕਾਊਂਟੈਂਟ ਜੋਇਲ ਰਾਮ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸੁਪਰੀਮ ਸਿੱਖ ਸੁਸਾਇਟੀ ਤੇਜ਼ੀ ਨਾਲ ਵਿਕਾਸ ਕਰਦੀ ਹੋਈ ਅੱਗੇ ਵਧ ਰਹੀ ਹੈ।
ਸਿੱਖ ਹੈਰੀਟੇਜ਼ ਸਕੂਲ ਟਾਕਾਨਿਨੀ ਦੀ ਪ੍ਰੈਜ਼ੀਡੈਂਟ ਮਨਦੀਪ ਕੌਰ ਮਿਨਹਾਸ ਨੇ ਸਕੂਲ ਬਾਰੇ ਦੱਸਿਆ ਪਿਛਲੇ ਸਮੇਂ ਦੌਰਾਨ ਬੱਚਿਆਂ ਦੀ ਗਿਣਤੀ `ਚ ਬਹੁਤ ਵਾਧਾ ਹੋਇਆ ਅਤੇ ਮਾਪਿਆਂ `ਚ ਵੀ ਦਿਲਚਸਪੀ ਵਧੀ ਹੈ। ਇਸੇ ਤਰ੍ਹਾਂ ਚਾਈਲਡਜ ਚੁਆਇਸ ਸੈਂਟਰ ਦੀ ਮੈਨੇਜਰ ਹੌਲੀ ਦੱਤਾ ਨੇ ਸੈਂਟਰ ਦੀ ਸਫ਼ਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰਾਪਰਟੀ ਮਾਮਲਿਆਂ ਬਾਰੇ ਵਕੀਲ ਸ਼ੋਭਨਾ ਗੋਲੀਅਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੈਂਬਰਾਂ ਅਤੇ ਸਹਿਯੋਗੀਆਂ ਵਾਸਤੇ ਧੰਨਵਾਦੀ ਮਤਾ ਸੁਸਾਇਟੀ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਜਿੰਦੀ ਨੇ ਪੇਸ਼ ਕੀਤਾ। ਸਿੱਖ ਸਪੋਰਟਸ ਕੰਪਲੈਕਸ ਦੇ ਪ੍ਰੈਜ਼ੀਡੈਂਟ ਹਰਵਿੰਦਰ ਸਿੰਘ ਗੋਪੀ ਸੰਘਰ ਸਮੇਤ ਬਹੁਤ ਸਾਰੇ ਸੀਨੀਅਰ ਮੈਂਬਰਾਂ ਨੇ ਕਈ ਮਤਿਆਂ ਦੀ ਪ੍ਰੋੜਤਾ ਕੀਤੀ।