ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਝਟਕਾ ਦਿੰਦਿਆਂ ਅੱਜ ਤੋਂ ਸਰਕਾਰੀ ਸਹਾਇਤਾ (ਐਮਰਜੈਂਸੀ ਬੈਨੀਫਿਟ) ਬੰਦ ਕਰ ਦਿੱਤੀ ਹੈ। ਸਰਕਾਰ ਨੇ ਪਿਛਲੇ ਸਾਲ ਲੌਕਡਾਊਨ ਦੌਰਾਨ ਰਾਹਤ ਦੇਣ ਲਈ ਇੰਟਰਨੈਸ਼ਨਲ ਸਟੂਡੈਂਟ ਹਾਰਡਸਿ਼ਪ ਫੰਡ ਸਥਾਪਿਤ ਕੀਤਾ ਸੀ। ਪਰ ਹੁਣ ਇਹ ਲਾਭ ਖ਼ਤਮ ਹੋਣ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਰੜੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਕਿ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਭੁੱਲ ਗਈ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਲੌਕਡਾਊਨ `ਚ ਸਟੂਡੈਂਟਸ ਪਹਿਲਾਂ ਹੀ ਨੌਕਰੀਆਂ ਗੁਆ ਚੁੱਕੇ ਹਨ। ਉਨ੍ਹਾਂ ਫੰਡ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਵੇਲੇ 25 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਹਨ, ਜਿਨ੍ਹਾਂ ਕੋਲ ਸਿਰਫ਼ 20 ਘੰਟੇ ਕੰਮ ਕਰਨ ਲਈ ਹੀ ਅਧਿਕਾਰ ਹੈ। ਪਰ ਮਨਿਸਟਰੀ ਆਫ਼ ਐਜ਼ੂਕੇਸ਼ਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਮਈ ਮਹੀਨੇ ਸਥਾਪਤ ਕੀਤੇ 1 ਮਿਲੀਅਨ ਡਾਲਰ ਦੇ ਇੰਟਰਨੈਸ਼ਨਲ ਸਟੂਡੈਂਟ ਹਾਰਡਸਿ਼ਪ ਫੰਡ ਰਾਹੀਂ ਕਰੀਬ 4 ਹਜ਼ਾਰ ਇੰਟਰਨੈਸ਼ਨਲ ਸਟੂਡੈਂਟ ਦੀ ਮੱਦਦ ਕੀਤੀ ਜਾ ਰਹੀ ਹੈ।
ਅਜਿਹੇ ਆਲਮ `ਚ ਮਨਿਸਟਰੀ ਆਫ ਸ਼ੋਸ਼ਲ ਜਸਟਿਸ ਨੇ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਬੈਨੀਫਿਟ ਕੁੱਝ ਵਕਤ ਲਈ ਹੀ ਸਨ। ਮਨਿਸਟਰੀ ਦੀ ਗਰੁੱਪ ਜਨਰਲ ਮੈਨੇਜਰ ਕੇਅ ਰੀਡ ਅਨੁਸਾਰ ਅੱਜ ਤੋਂ ਹੁਣ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਦੇਸ਼ ਦੀ ਅੰਬੈਸੀ, ਹਾਈ ਕਮਿਸ਼ਨ ਦਫ਼ਤਰ ਦਾ ਦਰਵਾਜ਼ਾ ਖੜਕਾ ਸਕਦਾ ਹੈ। ਜਿਸ ਵਾਸਤੇ ਕੰਮਿਊਨਿਟੀ ਕੰਟਰੈਕਟਰਜ, ਟੈਂਪਰੇਰੀ ਵੀਜ਼ੇ ਵਾਲਿਆਂ ਦੀ ਸਹਾਇਤਾ ਕਰ ਸਕਦੇ ਹਨ। ਰੀਡ ਨੇ ਇਹ ਸੰਕੇਤ ਵੀ ਦਿੱਤਾ ਕਿ ਹੁਣ ਇਹ ਗੱਲ ਮਨਿਸਟਰ `ਤੇ ਨਿਰਭਰ ਕਰੇਗੀ ਕਿ ਕੀ ਇਹ ਲਾਭ ਅੱਗੇ ਵਧਾਇਆ ਜਾ ਸਕੇਗਾ ਜਾਂ ਨਹੀਂ।
ਨਿਊਜ਼ੀਲੈਂਡ ਇੰਟਰਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਅਫ਼ੀਕਾ ਰਾਜਿ਼ਮੀ ਵੱਲੋਂ ਤਾਜ਼ਾ ਪ੍ਰੈੱਸ ਰਿਲੀਜ਼ ਰਾਹੀਂ ਡੂੰਘੀ ਨਿਰਾਸ਼ਤਾ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਕੋਵਿਡ-19 ਦੇ ਦੌਰ `ਚ ਲੌਕਡਾਊਨ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਹੀ ਮੁਸ਼ਕਲ ਘੜੀ ਚੋਂ ਲੰਘ ਰਹੇ ਹਨ। ਜਿਸ ਕਰਕੇ ਕੰਮ ਕਰਨ ਦੇ ਮੌਕੇ ਵੀ ਘਟ ਗਏ ਹਨ ਅਤੇ ਮੈਂਟਲ ਹੈੱਲਥ ਸੁਪੋਰਟ ਵੀ ਬਹੁਤ ਘੱਟ ਮਿਲ ਰਹੀ ਹੈ। ਉਹ ਆਪਣੇ ਮਾਪਿਆਂ ਤੋਂ ਦੂਰ ਹੋਣ ਕਰਕੇ ਆਈਸੋਲੇਸ਼ਨ ਵਾਲੀ ਜਿ਼ੰਦਗੀ ਹੰਢਾਉਣ ਲਈ ਮਜ਼ਬੂਰ ਹਨ। ਸਟੂਡੈਂਟਸ ਨੇ ਅਪੀਲ ਕੀਤੀ ਹੈ ਸਿਟੀਜ਼ਨਸਿ਼ਪ ਸਟੇਟਸ ਨੂੰ ਪਾਸੇ ਰੱਖ ਕੇ ਸਾਰਿਆਂ ਨੂੰ ਬਰਾਬਰ ਲਾਭ ਦਿੱਤਾ ਜਾਣਾ ਚਾਹੀਦਾ ਹੈ। ਇਹ ਵੀ ਮੰਗ ਕੀਤੀ ਕਿ ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੁੱਲ ਟਾਈਮ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ, ਉਸੇ ਤਰ੍ਹਾਂ ਦਾ ਅਧਿਕਾਰ ਨਿਊਜ਼ੀਲੈਂਡ `ਚ ਵੀ ਦਿੱਤਾ ਜਾਣਾ ਚਾਹੀਦਾ ਹੈ। ਇੰਟਰਨੈਸ਼ਨਲ ਸਟੂਡੈਂਟਸ ਨੂੰ ਭਲਾਈ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ 5 ਮਿਲੀਅਨ ਦੀ ਟੀਮ `ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਅਫੀਕਾ ਰਾਜਿ਼ਮੀ ਦਾ ਕਹਿਣਾ ਹੈ ਕਿ ਭਾਵੇਂ ਲੌਡਡਾਊਨ ਦੌਰਾਨ ਸੁਪਰਮਾਰਕੀਟਾਂ `ਚ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਹੈ ਪਰ ਅਜੇ ਵੀ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਹਨ ਜਿਨ੍ਹਾਂ ਨੂੰ ਸਿਰਫ਼ 20 ਘੰਟੇ ਕੰਮ ਕਰਨ ਦਾ ਹੀ ਅਧਿਕਾਰ ਹੈ। ਜਿਸ ਕਰਕੇ ਉਹ ਬਹੁਤ ਮੁਸ਼ਕਲ ਸਮੇਂ ਚੋਂ ਲੰਘ ਰਹੇ ਹਨ।
ਇਸ ਬਾਬਤ ਇਕ ਮਾਈਗਰੇਸ਼ਨ ਥਿੰਕਟੈਂਟ “ਫੇਅਰ ਇਨੀਸ਼ੀਏਟਿਵ” ਦੀ ਫਾਊਂਡਰ ਸ਼ੈਰਲਟ ਫਿਲਿਪਸ ਦਾ ਕਹਿਣਾ ਹੈ ਕਿ ਇਹ ਬਹੁਤ ਨਿਰਾਸ਼ ਵਾਲੀ ਗੱਲ ਹੈ ਕਿ ਸਰਕਾਰ ਨੇ ਉਸ ਵੇਲੇ ਬੈਨੀਫਿਟ ਬੰਦ ਕੀਤੇ ਹਨ ਜਦੋਂ ਮਾਈਗਰੈਂਟਸ ਨੂੰ ਅਸਲ `ਚ ਲੋੜ ਹੈ। ਉਨ੍ਹਾਂ ਕਿਹਾ ਕਿ ਬੈਨੀਫਿਟ ਦਿੱਤਾ ਜਾਣਾ ਚਾਹੀਦਾ ਹੈ ਕਿ ਮਾਈਗਰੈਂਟਸ ਵੀ ਦੂਜਿਆਂ ਦੇ ਬਰਾਬਰ ਹੀ ਟੈਕਸ ਭਰਦੇ ਹਨ।