ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸਿਡਨੀ ਵਿਖੇ ਕਿਸਾਨ ਸੰਘਰਸ਼ ਅਤੇ ਸਿੱਖ ਵਿਰੋਧੀ ਹਿੰਸਾ ਦੇ ਮੁੱਖ ਮੁਲਜ਼ਮ ਭਾਰਤੀ ਨੌਜਵਾਨ ਵਿਸ਼ਾਲ ਜੂਡ ਨੇ ਆਪਣੇ ਉੱਤੇ ਲੱਗੇ ਦੋਸ਼ ਕਬੂਲ ਕਰ ਲਏ ਹਨ। ਜਿਕਰਯੋਗ ਹੈ ਕਿ ਭਾਰਤ ਵਿਚਲੇ ਕਿਸਾਨੀ ਸ਼ੰਘਰਸ ਦੀ ਹਮਾਇਤ ਵਿਚ ਸਿਡਨੀ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਵਿੱਚ ਵਿਸ਼ਾਲ 'ਤੇ ਹਮਲਾਵਰ ਟੋਲੇ ਵਿਚ ਮੋਹਰੀ ਰਹਿਣ ਦੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ ਉੱਤੇ ਨਸਲੀ ਹਮਲਾ ਕਰਦਿਆਂ ਉਹਨਾਂ ਦੀਆਂ ਕਾਰਾਂ ਦੀ ਭੰਨ-ਤੋੜ ਕਰਨ ਦਾ ਵੀ ਦੋਸ਼ ਸੀ।
ਵਿਸ਼ਾਲ ਜੂਡ ਦੇ ਹੱਕ ਵਿੱਚ ਬੀਜੇਪੀ ਦੇ ਆਈਟੀ ਸੈੱਲ ਨੇ ਇੱਕ ਲਹਿਰ ਚਲਾਕੇ ਭਰਭੂਰ ਜ਼ੋਰ ਲਾਇਆ ਸੀ ਕਿ ਉਹ ਨਿਰਦੋਸ਼ ਹੈ ਤੇ ਉਸਨੂੰ ਭਾਰਤੀ ਝੰਡੇ ਦੇ ਰਾਖੇ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਭਾਰਤ ਦੀ ਕੇਂਦਰ ਵਿਚਲੀ ਭਾਜਪਾ ਸਰਕਾਰ ਤੋਂ ਲੈ ਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿੱਖਾਂ 'ਤੇ ਹਮਲਾ ਕਰਨ ਵਾਲੇ ਇਸ ਹਮਲਾਵਰ ਦੀ ਪੁਸ਼ਤਪਨਾਹੀ ਕਰਦਿਆਂ ਬਿਆਨ ਜਾਰੀ ਕੀਤੇ ਸੀ। ਪਰ ਭਾਜਪਾ ਦੇ ਆਈਟੀ ਸੈੱਲ ਅਤੇ ਭਾਰਤ ਸਰਕਾਰ ਦੇ ਇਹ ਝੂਠ ਉਦੋਂ ਹੀ ਤਾਰ -ਤਾਰ ਹੋ ਗਏ ਸੀ ਜਦੋਂ ਪੁਲਿਸ ਨੇ ਵਿਸ਼ਾਲ ਜੂਡ 'ਤੇ ਗੰਭੀਰ ਦੋਸ਼ਾਂ ਵਾਲਾ ਮੀਡੀਆ ਰਿਲੀਜ ਜਾਰੀ ਕੀਤਾ ਸੀ । ਵਿਸ਼ਾਲ ਉੱਤੇ ਤਿੰਨ ਕੇਸ ਦਰਜ ਕੀਤੇ ਗਏ ਸਨ ਜਿਹਨਾਂ ਵਿਚ ਜਨਤਕ ਥਾਂ ਉੱਤੇ ਲੜਾਈ ਕਰਕੇ ਸ਼ਾਂਤੀ ਭੰਗ ਕਰਨ, ਗੱਡੀਆਂ ਦਾ ਨੁਕਸਾਨ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਮਨਸ਼ੇ ਨਾਲ ਹਥਿਆਰ ਰੱਖਣ ਦੀਆਂ ਧਾਰਾਵਾਂ ਸ਼ਾਮਲ ਹਨ। ਇੱਕ ਕੇਸ ਸਿੱਖ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦਾ ਵੀ ਹੈ। TV84 INDIA ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਦੋਸ਼ਾਂ ਵਿੱਚ ਉਸਨੇ ਆਪਣਾ ਅਪਰਾਧ ਮੰਨ ਲਿਆ ਹੈ। ਅਦਾਲਤ ਵੱਲੋਂ ਉਸਨੂੰ 2 ਸਤੰਬਰ 2021 ਦਿਨ ਵੀਰਵਾਰ ਨੂੰ ਸਵੇਰੇ ਸਜ਼ਾ ਸੁਣਾਈ ਜਾਵੇਗੀ।