ਆਕਲੈਂਡ (ਹਰਪ੍ਰੀਤ ਸਿੰਘ) -ਨਿਊਜੀਲੈਂਡ ਦੀ ਮਸ਼ਹੂਰ ਕੀਵੀਫਰੂਟ ਕੰਪਨੀ ਜੈਸਪਰੀ ਕੋਲ ਜੀ3 ਤੇ ਜੀ9 ਨਸਲ ਦੇ ਕੀਵੀ ਉਗਾਉਣ ਤੇ ਉਨ੍ਹਾਂ ਨੂੰ ਵੇਚਣਾ ਦਾ ਵਿਸ਼ੇਸ਼ ਹੱਕ ਹੈ, ਇਹ ਹੱਕ ਉਨ੍ਹਾਂ ਨੂੰ ਪਲਾਂਟ ਵੈਰਾਈਟੀ ਐਕਟ 1987 ਤਹਿਤ ਮਿਲਿਆ ਹੋਇਆ ਹੈ।
ਪਰ ਚੀਨੀ ਮੂਲ ਦੇ ਨਿਊਜੀਲੈਂਡ ਰਹਿੰਦੇ ਕਾਰੋਬਾਰੀ ਹੋਇਓ ਗਾਊ, ਉਸਦੀ ਪਤਨੀ ਜ਼ੀਆ ਜ਼ੂ ਤੇ ਉਨ੍ਹਾਂ ਦੀ ਕੰਪਨੀ ਵਲੋਂ ਜੀ3 ਨਸਲ ਦਾ ਕੀਵੀ ਚੀਨ ਐਕਸਪੋਰਟ ਕੀਤਾ ਜਾ ਰਿਹਾ ਸੀ ਤੇ ਉੱਥੇ ਲੋਕਲ ਕਿਸਾਨਾਂ ਦੀ ਮੱਦਦ ਨਾਲ ਉਗਾ ਕੇ ਚੀਨ ਵਿੱਚ ਉਸਦੀ ਮਾਰਕੀਟ ਕੀਤੀ ਜਾ ਰਹੀ ਸੀ।
ਪਰ ਜੈਸਪਰੀ ਨੂੰ ਇਹ ਸਭ ਪਤਾ ਲੱਗਣ 'ਤੇ ਕੰਪਨੀ ਵਲੋਂ ਉਕਤ ਤਿੰਨਾਂ ਖਿਲਾਫ ਕਾਰਵਾਈ ਕੀਤੀ ਗਈ ਤੇ ਅਦਾਲਤ ਵਿੱਚ ਦੱਸਿਆ ਗਿਆ ਕਿ ਉਕਤ ਦੋਸ਼ੀਆਂ ਦੇ ਇਸ ਕਾਰੇ ਕਾਰਨ ਕੰਪਨੀ ਦਾ ਬਿਲੀਅਨ ਡਾਲਰ ਦਾ ਕਾਰੋਬਾਰ ਦਾਅ 'ਤੇ ਲੱਗ ਗਿਆ ਹੈ, ਜਿਸ 'ਤੇ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਲਗਭਗ $15 ਮਿਲੀਅਨ ਦਾ ਹਰਜਾਨਾ ਪਤੀ-ਪਤਨੀ ਤੇ ਉਨ੍ਹਾਂ ਦੀ ਕੰਪਨੀ ਨੂੰ ਲਾਇਆ ਸੀ
ਪਰ ਅਪ੍ਰੈਲ ਵਿੱਚ ਇਸ ਫੈਸਲੇ ਖਿਲਾਫ ਗਾਊ ਵਲੋਂ ਕੋਰਟ ਆਫ ਅਪੀਲ ਵਿੱਚ ਇਸ ਫੈਸਲੇ ਨੂੰ ਚੈਲੇਂਜ ਕੀਤਾ ਗਿਆ, ਜਿਸ ਤੋਂ ਬਾਅਦ ਕਈ ਤੱਥਾਂ ਨੂੰ ਆਧਾਰ ਮੰਨਦਿਆਂ ਤਿੰਨਾਂ ਨੂੰ ਕੀਤਾ ਗਿਆ ਹਰਜਾਨਾ $15 ਮਿਲੀਅਨ ਤੋਂ ਘਟਾ ਕੇ $12 ਮਿਲੀਅਨ ਕਰ ਦਿੱਤਾ ਗਿਆ ਹੈ।