ਆਕਲੈਂਡ (ਹਰਪ੍ਰੀਤ ਸਿੰਘ) - ਕੁਰੈਕਸ਼ਨਜ਼ ਵਿਭਾਗ ਵਲੋਂ ਆਫੀਸ਼ਲ ਇਨਫਾਰਮੈਸ਼ਨ ਐਕਟ ਤਹਿਤ ਜਾਰੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਿਊਜੀਲੈਂਡ ਵਿੱਚ ਇਸ ਵੇਲੇ 216 ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦੇ ਕੱਟੜਪੰਥੀ ਸੁਭਾਅ ਕਾਰਨ ਉਨ੍ਹਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ, ਇਨ੍ਹਾਂ ਵਿੱਚ 81 ਲੋਕ ਜੇਲਾਂ ਵਿੱਚ ਬੰਦ ਹਨ ਤੇ 135 ਕਮਿਊਨਿਟੀ ਵਿੱਚ ਰਹਿ ਰਹੇ ਹਨ।
ਇਨ੍ਹਾਂ 216 ਲੋਕਾਂ ਦੀ ਸੂਚੀ ਇਸ ਸਾਲ ਮਾਰਚ ਵਿੱਚ ਕ੍ਰਾਈਸਚਰਚ ਹਮਲੇ ਦੀ ਦੂਜੀ ਵਰ੍ਹੇਗੰਢ ਮੌਕੇ ਬਣਾਈ ਗਈ ਸੀ, ਇਨ੍ਹਾਂ ਲੋਕਾਂ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਮੰਨਣ ਵਾਲਿਆਂ ਤੋਂ ਲੈਕੇ ਕੱਟੜਵਾਦ, ਹਿੰਸਕ ਉੱਗਰਵਾਦ ਤੇ ਵਿਚਾਰਧਾਰਕ, ਸਮਾਜਿਕ, ਰਾਜਨੀਤਿਕ ਜਾਂ ਧਾਰਮਿਕ ਰਾਜਨੀਤੀ ਤੋਂ ਪ੍ਰੇਰਿਤ ਹਿੰਸਾ ਦਾ ਸ਼ਿਕਾਰ ਹੋਏ ਲੋਕ ਸ਼ਾਮਿਲ ਹਨ।
ਨਿਊ ਲਿਨ ਮਾਲ ਵਿੱਚ ਹਮਲਾ ਕਰਨ ਵਾਲੇ ਅੱਤਵਾਦੀ 'ਤੇ ਵੀ ਪੁਲਿਸ ਵਲੋਂ ਲਗਾਤਾਰ ਨਿਗਾਹ ਰੱਖੀ ਜਾ ਰਹੀ ਸੀ ਤੇ ਕੋਰਨਰ ਵਲੋਂ ਸਾਲ ਦੇ ਸ਼ੁਰੂ ਵਿੱਚ ਮੰਗ ਕੀਤੀ ਗਈ ਸੀ ਕਿ ਉਸਨੂੰ ਉਸਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਸਜਾ ਦਿੱਤੀ ਜਾਏ, ਪਰ ਨਿਊਜੀਲੈਂਡ ਦੇ ਕਾਨੂੰਨ ਅਨੁਸਾਰ ਸ਼ੱਕੀ ਗਤੀਵਿਧੀਆਂ ਬਾਰੇ ਸੋਚਣ ਜਾਂ ਯੋਜਨਾ ਬਨਾਉਣ ਵਾਲੇ ਲਈ ਸਜਾ ਦੀ ਤਜਵੀਜ ਨਹੀਂ ਹੈ, ਜਿਸ ਕਾਰਨ ਕਾਨੂੰਨ ਵਿੱਚ ਮੌਜੂਦ ਇਸ ਲੂਪਹੋਲ ਕਾਰਨ ਉਹ ਸਜਾ ਤੋਂ ਬੱਚ ਗਿਆ ਸੀ।