ਆਕਲੈਂਡ (ਹਰਪ੍ਰੀਤ ਸਿੰਘ) -ਨੈਪੀਅਰ ਜਿਲ੍ਹਾਂ ਅਦਾਲਤ ਵਿੱਚ ਜੱਜ ਰਸੈਲ ਕੌਲਿਨਜ਼ ਵਲੋਂ 31 ਸਾਲਾ ਸਤਨਾਮ ਸਿੰਘ ਨੂੰ 9 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਸਤਨਾਮ ਸਿੰਘ ਇੱਕ 14 ਸਾਲਾ ਲੜਕੀ ਨੂੰ ਭਰਮਾਉਣ ਅਤੇ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ।
ਪੀੜਿਤ ਲੜਕੀ ਦੀ ਮਾਂ ਦੇ ਬਿਆਨ ਰਾਂਹੀ ਅਦਾਲਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਬੀਤੇ 4 ਸਾਲ ਉਸਦੀ ਧੀ ਲਈ ਦਰਦਨਾਕ, ਤਣਾਅ ਭਰੇ ਸਨ ਤੇ ਸਤਨਾਮ ਸਿੰਘ ਦੇ ਸ਼ਰਮਿੰਦਗੀ ਭਰੇ ਕਾਰੇ ਕਾਰਨ ਉਸਦੀ ਧੀ ਹੁਣ ਪਹਿਲਾਂ ਵਰਗੀ ਬਿਲਕੁਲ ਵੀ ਨਹੀਂ ਰਹੀ।
ਪੀੜਿਤਾ ਨੂੰ ਸਤਨਾਮ ਸਿੰਘ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ ਤੇ ਲੜਕੀ ਦੇ ਵਿਸ਼ਵਾਸ਼ ਨੂੰ ਤੋੜਿਆ ਤੇ ਇਸ ਹਾਦਸੇ ਨੇ ਪੀੜਿਤਾ ਦੀ ਜਿੰਦਗੀ ਖਰਾਬ ਕਰਕੇ ਰੱਖ ਦਿੱਤੀ।
ਇਸ ਘਿਨੌਣੇ ਕਾਰੇ ਨੂੰ ਸਤਨਾਮ ਸਿੰਘ ਨੇ 2017-18 ਦੌਰਾਨ ਅੰਜਾਮ ਦਿੱਤਾ, ਉਸ ਵੇਲੇ ਲੜਕੀ 14 ਸਾਲਾਂ ਦੀ ਸੀ ਤੇ ਸਤਨਾਮ ਸਿੰਘ 27 ਸਾਲਾਂ ਦਾ। ਲਗਭਗ 8 ਮਹੀਨੇ ਸਤਨਾਮ ਸਿੰਘ ਲੜਕੀ ਦੇ ਜਜਬਾਤਾਂ ਨਾਲ ਖੇਡਦਾ ਰਿਹਾ।
ਸਤਨਾਮ ਸਿੰਘ ਲੜਕੀ ਨੂੰ ਇੱਕ ਸਟਰੀਟ ਵਿੱਚ ਮਿਲਿਆ ਸੀ, ਜਿੱਥੇ ਦੋਨਾਂ ਨੇ ਇੱਕ-ਦੂਜੇ ਨੂੰ ਫੋਨ ਨੰਬਰ ਦਿੱਤੇ। ਸਤਨਾਮ ਸਿੰਘ ਨੇ ਲੜਕੀ ਨੂੰ ਆਪਣੀ ਉਮਰ 19 ਸਾਲ ਦੱਸੀ ਸੀ ਤੇ ਲੜਕੀ ਨੂੰ ਵਾਰ-ਵਾਰ ਮਿਲਣ ਨੂੰ ਕਹਿੰਦਾ ਰਹਿੰਦਾ ਸੀ, ਪਰ ਲੜਕੀ ਨੇ ਸਾਫ ਕੀਤਾ ਹੋਇਆ ਸੀ ਕਿ ਉਸਦੀ ਉਮਰ 14 ਸਾਲ ਹੈ, ਇਸਦੇ ਬਾਵਜੂਦ ਸਤਨਾਮ ਸਿੰਘ ਨੇ ਉਸਨੂੰ ਭਾਵੁਕ ਕਰ ਉਸ ਨਾਲ ਸ਼ਰੀਰਿਕ ਸਬੰਧ ਸਥਾਪਿਤ ਕੀਤੇ।