ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ 10 ਬਾਰਡਰਾਂ 'ਤੇ ਤੈਨਾਤ 292 ਪੁਲਿਸ ਕਰਮਚਾਰੀ, ਜੋ ਕਿ ਲਗਾਤਾਰ ਕੋਰੋਨਾ ਦੇ ਜੋਖਿਮ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਨਾ ਤਾਂ ਇਨ੍ਹਾਂ ਪੁਲਿਸ ਅਧਿਕਾਰੀਆਂ ਦੀ ਵੈਕਸੀਨੇਸ਼ਨ ਕਰਵਾਈ ਗਈ ਹੈ ਤੇ ਨਾ ਹੀ ਇਨ੍ਹਾਂ ਦੇ ਕੋਰੋਨਾ ਦੇ ਟੈਸਟ ਕਰਵਾਏ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੂੰ ਕੋਈ ਖਬਰ ਨਹੀਂ ਕਿ ਉਨ੍ਹਾਂ ਦੇ ਬਾਰਡਰ 'ਤੇ ਤੈਨਾਤ ਕਰਮਚਾਰੀਆਂ 'ਚੋਂ ਕਿੰਨਿਆਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ ਤੇ ਕਿੰਨਿਆਂ ਨੂੰ ਨਹੀਂ।
ਆਕਲੈਂਡ ਯੂਨੀਵਰਸਿਟੀ ਦੇ ਮਹਾਂਮਾਰੀ ਮਾਹਿਰ ਰੋਬ ਜੈਕਸਨ ਅਨੁਸਾਰ ਇਹ ਸੱਚਮੁੱਚ ਹੀ ਬਹੁਤ ਹੈਰਾਨੀ ਭਰਿਆ ਹੈ ਤੇ ਇਸ ਮਾਮਲੇ ਵਿੱਚ ਅਣਗਹਿਲੀ ਵਰਤੇ ਜਾਣ ਦਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਇਸ ਸਬੰਧੀ ਉਪ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਦਾ ਕਹਿਣਾ ਹੈ ਕਿ ਪੁਲਿਸ ਦੇ 49% ਕਰਮਚਾਰੀ ਕੋਰੋਨਾ ਦੇ 2 ਟੀਕੇ ਲਗਵਾ ਚੁੱਕੇ ਹਨ ਤੇ 76.9% ਕੋਰੋਨਾ ਦਾ ਇੱਕ ਟੀਕਾ ਲਗਵਾ ਚੁੱਕੇ ਹਨ।
ਪਰ ਗੱਲ ਕਰੀਏ ਕੋਰੋਨਾ ਦਾ ਟੈਸਟ ਕੀਤੇ ਜਾਣ ਦੀ ਤਾਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਿਤ ਬਿਆਨਬਾਜੀ ਨਹੀਂ ਕੀਤੀ ਗਈ ਹੈ।