ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ ਇੱਕ ਨਵੰਬਰ ਤੋਂ ਨਿਊਜੀਲੈਂਡ ਸਰਕਾਰ ਵਲੋਂ ਉਨ੍ਹਾਂ ਲੋਕਾਂ ਨੂੰ ਐਂਟਰੀ ਨਾ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਨੇ ਮਨਜੂਰਸ਼ੁਦਾ ਵੈਕਸੀਨੇਸ਼ਨ ਨਹੀਂ ਲਗਵਾਈ। ਨਿਊਜ਼ੀਲੈਂਡ `ਚ ਹੁਣ ਦੂਜੇ ਮੁਲਕਾਂ ਦੇ ਸਿਰਫ਼ ਉਹੀ ਸਿਟੀਜ਼ਨ ਦਾਖ਼ਲ ਹੋ ਸਕਣਗੇ, ਜਿਨ੍ਹਾਂ ਨੇ ਕੋਵਿਡ-19 ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣਗੀਆਂ। ਜੇ ਕੋਈ ਯਾਤਰੀ ਸਬੂਤ ਪੇਸ਼ ਨਾ ਕਰ ਸਕਿਆ ਤਾਂ ਉਸਨੂੰ 4 ਹਜ਼ਾਰ ਡਾਲਰ ਜੁਰਮਾਨਾ ਵੀ ਹੋ ਸਕੇਗਾ। ਇਸ ਬਾਬਤ ਸਰਕਾਰ ਨੇ ਏਅਰ ਨਿਊਜ਼ੀਲੈਂਡ ਨੇ ਦੋ ਵੱਖ-ਵੱਖ ਐਲਾਨ ਕਰ ਦਿੱਤੇ ਹਨ।
ਨਿਊਜ਼ੀਲੈਂਡ ਦੇ ਕੋਵਿਡ-19 ਮਨਿਸਟਰ ਕਰਿਸ ਹਿਪਕਿਨਜ ਨੇ ਅੱਜ ਦੱਸਿਆ ਕਿ 1 ਨਵੰਬਰ ਤੋਂ ਨਿਊਜ਼ੀਲੈਂਡ ਆਉਣ ਦੇ ਚਾਹਵਾਨ 18 ਸਾਲ ਤੋਂ ਵੱਧ ਉਮਰ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਪਹਿਲਾਂ ਕੋਵਿਡ-19 ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹੋਣਗੀਆਂ। ਹਾਲਾਂਕਿ 14 ਦਿਨ ਦੀ ਕੁਵੌਰਟੀਨ ਵਾਲੀ ਸ਼ਰਤ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਜਹਾਜ਼ ਚੜ੍ਹਨ ਤੋਂ 72 ਘੰਟੇ ਪਹਿਲਾਂ ਕੋਵਿਡ-19 ਨੈਗੇਟਿਵ ਹੋਣਾ ਵੀ ਜ਼ਰੂਰੀ ਹੈ। ਪਰ ਆਰਐਸਈ ਵਰਕਰਾਂ ਨੂੰ ਪਹਿਲਾਂ ਦੀ ਤਰ੍ਹਾਂ ਛੋਟ ਮਿਲੀ ਰਹੇਗੀ।
ਮਨਿਸਟਰ ਦਾ ਮੰਨਣਾ ਹੈ ਕਿ ਅਜਿਹਾ ਹੋਣ ਨਾਲ ਦੇਸ਼ ਵਾਸੀਆਂ ਨੂੰ ਹੋਰ ਸੁਰੱਖਿਆ ਮਿਲੇਗੀ।
ਇਸ ਤਰ੍ਹਾਂ ਏਅਰ ਨਿਊਜ਼ੀਲੈਂਡ ਨੇ ਵੀ ਇੰਟਰਨੈਸ਼ਨਲ ਯਾਤਰੀਆਂ ਲਈ ‘ਨੋ ਜੈਬ,ਨੋ ਟਰੈਵਲ’ ਦੀ ਨਵੀਂ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ, ਜੋ 1 ਫਰਵਰੀ ਤੋਂ ਲਾਗੂ ਹੋਵੇਗੀ। ਭਾਵ 18 ਸਾਲ ਤੋਂ ਵੱਧ ਉਮਰ ਦਾ ਬਿਨਾਂ ਵੈਕਸੀਨੇਸ਼ਨ ਵਾਲਾ ਕੋਈ ਯਾਤਰੀ ਏਅਰ ਨਿਊਜ਼ੀਲੈਂਡ ਦੀ ਫਲਾਈਟ `ਚ ਸਵਾਰ ਨਹੀਂ ਹੋ ਸਕੇਗਾ।
ਪਰ ਇਸ ਖਬਰ ਨੂੰ ਕਈ ਲੋਕਾਂ ਵਲੋਂ ਇਸ ਤਰ੍ਹਾਂ ਵੀ ਮੰਂਨਿਆ ਜਾ ਰਿਹਾ ਹੈ ਕਿ ਸ਼ਾਇਦ ਨਿਊਜੀਲੈਂਡ ਦੇ ਬਾਰਡਰ ਸਾਰਿਆਂ ਲਈ ਹੀ ਖੁੱਲਣ ਜਾ ਰਹੇ ਹਨ, ਪਰ ਦੱਸਦੀਏ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ ਤੇ ਅਜੇ ਸਰਕਾਰ ਨੇ ਸਿਰਫ ਉਨ੍ਹਾਂ ਲੋਕਾਂ ਲਈ ਹੀ ਬਾਰਡਰ ਖੋਲਿਆ ਹੈ, ਜੋ ਪੀ ਆਰ ਧਾਰਕ ਹਨ ਜਾਂ ਫਿਰ ਸਰਕਾਰ ਵਲੋਂ ਵਿਸ਼ੇਸ਼ ਛੋਟ ਹਾਸਿਲ ਕਰ ਚੁੱਕੇ ਹਨ।
ਪੂਰੀ ਤਰ੍ਹਾਂ ਬਾਰਡਰ ਖੋਲੇ ਜਾਣ ਨੂੰ ਅਜੇ ਸਮਾਂ ਬਕਾਇਆ ਹੈ ਤੇ ਮਾਰਚ 2022 ਤੱਕ ਇਸ ਸਬੰਧੀ ਵੀ ਐਲ਼ਾਨ ਕੀਤੇ ਜਾਣ ਦੀ ਸੰਭਾਵਨਾ ਹੈ।