ਆਕਲੈਂਡ (ਅਵਤਾਰ ਸਿੰਘ ਟਹਿਣਾ ): ਭਾਵੇਂ ਨਿਊਜ਼ੀਲੈਂਡ 'ਚ ਇਸਲਾਮੋਫੋਬੀਆ (ਇਸਲਾਮ ਦਾ ਡਰ) ਦੀ ਦਸਤਕ ਪਿਛਲੇ ਸਾਲ 15 ਮਾਰਚ ਨੂੰ 'ਵਾਈਟ ਸੁਪਰਮੇਸਿਸਟ' ਵੱਲੋਂ ਕ੍ਰਾਈਸਚਰਚ 'ਚ ਦੋ ਮਸਜਿਦਾਂ 'ਤੇ ਹਮਲਾ ਕਰਕੇ 51 ਨੂੰ ਗੋਲੀਆਂ ਨਾਲ ਮਾਰ ਦੇਣ ਪਿੱਛੋਂ ਮਹਿਸੂਸ ਕੀਤੀ ਗਈ ਸੀ। ਪਰ ਭਾਰਤ 'ਚ ਨਾਗਰਿਕਤਾ ਸੋਧ ਐਕਟ ਅਤੇ ਨਾਗਰਿਗਾਂ ਦਾ ਕੌਮੀ ਰਜਿਸਟਰ ਦੇ ਮੁੱਦੇ 'ਤੇ ਭਖੇ ਸਿਆਸੀ ਅਖ਼ਾੜੇ ਦਾ ਸੇਕ ਸੋਸ਼ਲ ਸਾਈਟਾਂ ਦੇ ਜ਼ਰੀਏ ਹੋਰ ਵੀ ਡੂੰਘੇ ਢੰਗ ਨਾਲ ਨਿਊਜ਼ੀਲੈਂਡ 'ਚ ਵੀ ਮਹਿਸੂਸ ਹੋਣ ਲੱਗ ਪਿਆ ਹੈ। ਜਿਸਦੀ ਚਰਚਾ ਇੱਥੋਂ ਦੇ ਕੌਮੀ ਮੀਡੀਆ 'ਚ ਵੀ ਹੋਣ ਲੱਗ ਪਈ ਹੈ।
ਇਸ ਸੰਦਰਭ 'ਚ ਬਦਲੇ ਹੋਏ ਨਾਮ ਵਾਲੇ ਮਾਈਗਰੈਂਟ ਮੁਸਲਿਮ ਲੇਖਕ 'ਮੁਹੰਮਦ' ਨੇ ਸੂਰਤ-ਏ-ਹਾਲ ਲਿਖੀ ਹੈ, ਜਿਸਨੂੰ ਸਾਲ 2002 ਵਾਲੇ ਗੁਜਰਾਤ ਦਾ ਉਹ ਪਿੰਡ 'ਤੇ ਸਮਾਂ ਨਹੀਂ ਭੁੱਲਦਾ ਜਦੋਂ ਉਹ ਆਪਣੇ ਛੋਟੇ ਭਰਾ ਦੇ ਮੂੰਹ 'ਚ ਕੁੱਝ ਤੁੰਨ ਕੇ ਹਿੰਸਕ ਭੀੜ ਤੋਂ ਬਚਣ ਲਈ ਲੁਕਿਆ ਬੈਠਾ ਸੀ। ਭਾਵੇਂ ਹਜ਼ਾਰਾਂ ਦੀ ਬਲੀ ਵਾਲੇ ਉਸ ਖੂਨੀ ਸਾਕੇ ਤੋਂ ਬਚ ਗਿਆ ਪਰ ਇਸਲਾਮ ਨੂੰ ਦਰਸਾਉਣ ਵਾਲੇ ਉਸਦੇ ਨਾਮ ਕਰਕੇ ਕਿਸੇ ਨੇ ਉਸਨੂੰ ਇੰਜਨੀਅਰ ਵਜੋਂ ਨੌਕਰੀ ਨਹੀਂ ਦਿੱਤੀ। ਅਖ਼ੀਰ ਯੂਰਪ ਚਲਾ ਗਿਆ ਅਤੇ ਫਿਰ ਕਿਵੇਂ ਨਾ ਕਿਵੇਂ ਨਿਊਜ਼ੀਲੈਂਡ ਆ ਗਿਆ। ਪਿਛਲੇ ਸਾਲ ਹੀ 15 ਮਾਰਚ ਨੂੰ ਕ੍ਰਾਈਸਚਰਚ 'ਚ ਹੋਏ ਹਮਲੇ ਦੌਰਾਨ ਉਸਦਾ ਇੱਕ ਕਜ਼ਨ ਵੀ ਅਜਿਹੀ ਹੀ ਨਫ਼ਰਤੀ ਅੱਗ ਦੀ ਭੇਟ ਚੜ੍ਹ ਗਿਆ ਸੀ। ਉਸ ਘਟਨਾ ਦੇ ਸਦਮੇ ਤੋਂ ਅਜੇ ਬਾਹਰ ਨਹੀਂ ਸੀ ਆਇਆ ਕਿ ਭਾਰਤ 'ਚ ਇਸਲਾਮ ਵਿਰੋਧੀ ਹਵਾ ਨੇ ਮੁਹੰਮਦ ਨੂੰ ਫਿਰ ਮਹਿਸੂਸ ਕਰਨ ਲਾ ਦਿੱਤਾ ਸੀ ਕਿ ਨਿਊਜ਼ੀਲੈਂਡ ਦੇ ਫੇਸਬੁੱਕ ਖਾਤਿਆਂ ਵਾਲੇ ਇੰਡੀਅਨ ਮਾਈਗਰੈਂਟਸ ਉਸ ਨਾਲ ਵਿਤਕਰਾ ਕਰ ਰਹੇ ਹਨ। ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਿਊਜ਼ੀਲੈਂਡ ਦੀ ਧਰਤੀ 'ਤੇ ਵੀ ਅਜਿਹਾ ਹੋ ਸਕਦਾ ਹੈ।
ਸ਼ੋਸ਼ਲ ਸਾਈਟਾਂ 'ਤੇ ਇਹ ਵਰਤਾਰਾ ਇਸ ਰੂਪ 'ਚ ਸਾਹਮਣੇ ਆਇਆ ਜਿਵੇਂ ਹਿਜਾਬ ਪਹਿਨਣ ਵਾਲੀਆਂ ਔਰਤਾਂ ਨੂੰ ਵੇਖ ਕੇ ਟਿੱਪਣੀਆਂ ਕਰਨੀਆਂ, ਇਸਲਾਮ ਨੂੰ 'ਕੈਂਸਰ' ਦੱਸਣਾ, ਕਿਵੀ-ਮੁਸਲਿਮਾਂ ਨੂੰ ਉੱਥੇ ਚਲੇ ਜਾਣ ਲਈ ਆਖਣਾ ਜਿੱਥੋਂ ਉਹ ਆਏ ਹਨ, ਚੀਨ ਵਿਚਲੇ ਮੁਸਲਮਾਨਾਂ ਪ੍ਰਤੀ ਅਪਣਾਈ ਪਹੁੰਚ ਲਈ ਚੀਨ ਸਰਕਾਰ ਦੀ ਤਾਰੀਫ਼ ਕਰਨਾ। ਪਿਛਲੇ ਨਵੀਂ ਸਿਆਸੀ ਪਾਰਟੀ ਬਣਾਉਣ ਵਾਲੀ ਔਰਤ ਹਨਾ ਟਾਕਾਮੀ ਵੱਲੋਂ ਮਜਜਿਦਾਂ 'ਤੇ ਪਾਬੰਦੀ ਲਾਉਣ ਦੀ ਮੰਗ ਦਾ ਸਮਰਥਨ ਕਰਨਾ ਆਦਿ ਟੋਟਕੇ ਹਨ, ਜੋ ਕਿਸੇ ਵੀ ਮੁਸਲਿਮ ਧਰਮ ਨਾਲ ਸਬੰਧ ਰੱਖਣ ਵਾਲੇ ਨੂੰ ਚਿੜਾਉਣ ਲਈ ਕਾਫੀ ਹਨ। ਮੁਹੰਮਦ ਦਾ ਮੰਨਣਾ ਹੈ ਕਿ ਅਜਿਹੀਆਂ ਪੋਸਟਾਂ ਦੁਖਾਦਾਈ ਇਸ ਕਰਕੇ ਹਨ ਕਿਉਂਕਿ ਇਸਲਾਮੋਫੋਬੀਆ ਤੋਂ ਪੀੜਿਤ ਲੋਕ ਨਿਊਜ਼ੀਲੈਂਡ ਦੀ ਛੋਟੀ ਜਿਹੀ ਕਮਿਊਨਿਟੀ 'ਚ ਵਸੇ ਹੋਏ ਹਨ।
ਮੁਸਲਿਮ ਪਿਛੋਕੜ ਵਾਲੀ ਰਾਧਿਕਾ ਰੈਡੀ ਵੀ ਮੰਨਦੀ ਹੈ ਕਿ ਜਦੋਂ ਤੋਂ ਭਾਰਤ 'ਚ ਨਵੇਂ ਕਾਨੂੰਨ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਨਿਊਜ਼æੀਲੈਂਡ ਵਿਚਲੇ ਭਾਈਚਾਰੇ ਦੇ ਕੁੱਝ ਧੜਿਆਂ 'ਚ ਇਸਲਾਮ ਵਿਰੋਧੀ ਭਾਵਨਾਵਾਂ ਉਜਾਗਰ ਹੋਣ ਲੱਗੀਆਂ ਹਨ। ਉਸਦਾ ਮੰਨਣਾ ਹੈ ਮੁਸਲਿਮ ਵਿਰੋਧੀ ਭਾਰਤੀ ਗਰੁੱਪ ਅਜੇ ਸ਼ੁਰੂਆਤੀ ਦੌਰ 'ਚ ਹਨ ਪਰ ਜਦੋਂ ਇਹ ਪੂਰੀ ਤਰ੍ਹਾਂ ਸੰਗਠਿਤ ਹੋ ਗਏ ਤਾਂ ਇਨ੍ਹਾਂ ਵੱਲੋਂ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਘੱਟ ਗਿਣਤੀਆਂ ਲਈ ਵੀ ਖ਼ਤਰਾ ਪੈਦਾ ਕੀਤੇ ਜਾਣ ਦਾ ਡਰ ਹੈ।
ਕਿਵੀ ਇੰਡੀਅਨ ਲੇਖਕ ਅਤੇ ਫ਼ਿਲਮਕਾਰ ਡਾ ਸਪਨਾ ਸੰਮਤ ਦਾ ਕਹਿਣਾ ਹੈ ਕਿ ਕਿਵੀ ਹਿੰਦੂਆਂ 'ਚ ਜਿਹੜਾ ਇਸਲਾਮੋਫੋਬੀਆ ਪੈਦਾ ਹੋਇਆ ਹੈ, ਉਹ ਭਾਰਤ 'ਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਕਰਕੇ ਹੀ ਹੈ। ਉਸਦਾ ਇਹ ਵੀ ਮੰਨਣਾ ਹੈ ਕਿ ਜਿਹੜੀ ਹਿੰਦੂਤਵਾ ਵਾਲੀ ਵਿਚਾਰਧਾਰਾ ਹੈ, ਉਸਨੂੰ ਕਈ ਵਿਦਿਅਕ ਮਾਹਿਰਾਂ ਨੇ ਫਾਸਿਸਟ ਦਾ ਦਰਜਾ ਦਿੱਤਾ ਹੈ। ਡਾ ਸਪਨਾ ਇਹ ਵੀ ਮੰਨਦੇ ਹਨ ਕਿ ਭਾਵੇਂ ਨਿਊਜ਼ੀਲੈਂਡ 'ਚ ਹਿੰਦੂਤਵਾ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਹ 'ਸੱਭਿਆਚਾਰਕ ਚੋਲੇ' ਹੇਠ ਛੁਪਿਆ ਹੋਇਆ ਹੈ।