Tuesday, 26 October 2021
11 October 2021 New Zealand

ਮਾਪਿਆਂ ਨੂੰ ਲੰਬੇ ਸਮੇਂ ਲਈ ਦਿੱਤਾ ਜਾਵੇ ਵੀਜ਼ਾ

ਨਿਊਜ਼ੀਲੈਂਡ ਰਹਿੰਦੇ ਧੀਆਂ-ਪੁੱਤ ਅਤੇ ਮਾਪੇ ਕਰਨ ਲੱਗੇ ਮੰਗ
ਮਾਪਿਆਂ ਨੂੰ ਲੰਬੇ ਸਮੇਂ ਲਈ ਦਿੱਤਾ ਜਾਵੇ ਵੀਜ਼ਾ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਆਪਣੇ ਬੱਚਿਆਂ ਕੋਲ ਰਹਿਣ ਵਾਲੇ ਮਾਪਿਆਂ ਨੂੰ ਲੰਬੇ ਸਮੇਂ ਲਈ ਵੀਜ਼ਾ ਦਿੱਤੇ ਜਾਣ ਦੀ ਮੰਗ ਉੱਠਣ ਲੱਗ ਪਈ ਹੈ। ਇੱਥੇ ਰਹਿ ਰਹੇ ਮੁੰਡੇ-ਕੁੜੀਆਂ ਦੀ ਹਾਲਤ ਬਹੁਤ ਹੀ ਨਿਰਾਸ਼ਾਜਨਕ ਹੈ, ਜੋ ਮਾਪਿਆਂ ਦੀ ਇਕਲੌਤੀ ਔਲਾਦ ਹਨ। ਉਨ੍ਹਾਂ ਲਈ ਹਾਲਾਤ ਹੋਰ ਵੀ ਗੰਭੀਰ ਹਨ, ਜਿਨ੍ਹਾਂ ਦੇ ਮਾਂ-ਪਿਉ ਚੋਂ ਇੱਕ ਜਣੇ ਦੀ ਮੌਤ ਹੋ ਚੁੱਕੀ ਹੈ। ਜੇ ਉਹ ਆਪਣੇ ਮਾਂ ਜਾਂ ਬਾਪ ਨੂੰ ਵਾਪਸ ਪੰਜਾਬ ਭੇਜਦੇ ਹਨ ਜਾਂ ਇਕ ਜਣਾ ਉੱਥੇ ਰਹਿ ਰਿਹਾ ਹੈ ਤਾਂ ਉਨ੍ਹਾਂ ਨੂੰ ਉੱਥੇ ਸੰਭਾਲਣ ਵਾਲਾ ਕੋਈ ਵੀ ਨੇੜਲਾ ਪਰਿਵਾਰਕ ਮੈਂਬਰ ਨਹੀਂ ਹੈ।

ਐਨਜ਼ੈੈੱਡ ਪੰਜਾਬੀ ਨਿਊਜ਼ ਵੱਲੋਂ ਕੀਤੀ ਗੱਲਬਾਤ ਦੌਰਾਨ ਵੱਖ-ਵੱਖ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਮਾਪਿਆਂ ਨੂੰ ਕੈਨੇਡਾ ਦੀ ਤਰਜ਼ `ਤੇ ਦਸ-ਦਸ ਸਾਲ ਦੇ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਵਾਰ-ਵਾਰ ਵੀਜ਼ੇ ਲਵਾਉਣ ਦਾ ਝੰਜਟ ਮੁਕ ਸਕੇ। ਨਿਊਜ਼ੀਲੈਂਡ `ਚ ਪੱਕੇ ਵਸਨੀਕ ਬਣਨ ਤੋਂ ਬਾਅਦ ਵੀ ਕਈਆਂ ਨੂੰ ਆਪਣੇ ਮਾਪਿਆਂ ਦੇ ਵੀਜ਼ੇ ਲਵਾਉਣ ਫਿਕਰ ਬਣਿਆ ਰਹਿੰਦਾ ਹੈ।

ਵਾਇਆਕਾਟੋ ਦੇ ਇਕ ਟਾਊਨ ਪੁਕੇਨੋ `ਚ ਰਹਿਣ ਵਾਲੇ ਪਿਰਤਵੀਰ ਸਿੰਘ ਦਾ ਕਹਿਣਾ ਹੈ ਕਿ ਮਾਪਿਆਂ ਲਈ ਲੰਬੇ ਸਮੇਂ ਦਾ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹ ਇਸ ਬਾਬਤ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਈਮੇਲ ਵੀ ਕਰ ਚੁੱਕਾ ਹੈ। ਉਨ੍ਹਾਂ ਉਦਾਸ ਮਨ ਨਾਲ ਦੱਸਿਆ ਕਿ ਲੁਧਿਆਣਾ `ਚ ਉਸਦੇ ਜੱਦੀ ਪਿੰਡ ਮਹਿਦੂਦਾਂ ਪਿੰਡ `ਚ ਰਹਿੰਦੇ ਮਾਤਾ-ਪਿਤਾ ਚੋਂ ਉਨ੍ਹਾਂ ਦੇ ਮਾਤਾ ਕੁੱਝ ਦਿਨ ਪਹਿਲਾਂ ਦੁਨੀਆਂ ਤੋਂ ਚਲੇ ਗਏ ਸਨ। ਜਿਸ ਕਰਕੇ ਉਨ੍ਹਾਂ ਦੇ ਪਿਤਾ ਇਕੱਲੇ ਹੀ ਰਹਿ ਗਏ ਹਨ ਕਿਉਂਕਿ ਪੰਜਾਬ `ਚ ਉਸਦਾ ਹੋਰ ਕੋਈ ਵੀ ਭੈਣ-ਭਰਾ ਨਹੀਂ ਹੈ। ਜਿਸ ਕਰਕੇ ਅਜਿਹੇ ਪਰਿਵਾਰਾਂ ਦਾ ਦਰਦ ਸਮਝ ਕੇ ਮਾਪਿਆਂ ਲਈ ਲੰਬੇ ਸਮੇਂ ਵਾਸਤੇ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਬਾਪ ਦਾ ਸਾਰਾ ਖ਼ਰਚਾ ਆਪ ਚੁੱਕਣ ਲਈ ਜਿ਼ੰਮੇਵਾਰ ਹੈ ਅਤੇ ਸਰਕਾਰ `ਤੇ ਕਿਸਮ ਦਾ ਮੈਡੀਕਲ ਬੋਝ ਨਹੀਂ ਪੈਣ ਦੇਵੇਗਾ।

ਇਸੇ ਤਰ੍ਹਾਂ ਲੁਧਿਆਣਾ ਦੇ ਜਗਰਾਉਂ ਸ਼ਹਿਰ ਨਾਲ ਸਬੰਧਤ ਅਤੇ ਅੱਜਕੱਲ੍ਹ ਆਕਲੈਂਡ ਦੇ ਟਾਕਾਨਿਨੀ `ਚ ਰਹਿਣ ਵਾਲੀ ਹਰਵੰਤ ਕੌਰ ਨੇ ਦੱਸਿਆ ਕਿ ਉਸਦੇ ਮਾਤਾ ਪ੍ਰਿਤਪਾਲ ਕੌਰ ਨੂੰ ਪੰਜਾਬ `ਚ ਸੰਭਾਲਣ ਵਾਲਾ ਕੋਈ ਨਹੀਂ ਹੈ ਕਿਉਂਕਿ ਉਸਦਾ ਭਰਾ ਕੈਨੇਡਾ ਰਹਿੰਦਾ ਹੈ। ਜਿਸ ਕਰਕੇ ਉਹ ਚਾਹੁੰਦੀ ਹੈ ਕਿ ਨਿਊਜ਼ੀਲੈਂਡ ਸਰਕਾਰ ਮਾਪਿਆਂ ਲਈ ਲੰਬੇ ਸਮੇਂਂ ਵਾਸਤੇ ਵੀਜ਼ੇ ਜਾਰੀ ਕਰੇ ਤਾਂ ਜੋ ਬਜ਼ੁਰਗ ਮਾਪੇ ਆਪਣੇ ਬੱਚਿਆਂ ਕੋਲ ਰਹਿ ਸਕਣ ਅਤੇ ਵਾਰ-ਵਾਰ ਵੀਜ਼ੇ ਵਧਾਉਣ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਢੀਮਾਂ ਵਾਲੀ ਨਾਲ ਸਬੰਧਤ ਬਲਵੰਤ ਕੌਰ ਦਿਉਲ ਨੇ ਦੱਸਿਆ ਕਿ ਉਹ ਆਪਣੇ ਇਕਲੌਤੇ ਬੇਟੇ ਕੋਲ ਆਕਲੈਂਡ `ਚ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਜਿਸ ਕਰਕੇ ਜੇ ਉਹ ਵਾਪਸ ਪੰਜਾਬ ਜਾਂਦੀ ਹੈ ਤਾਂ ਉੱਥੇ ਉਸਦਾ ਕੋਈ ਵੀ ਨੇੜਲਾ ਪਰਿਵਾਰਕ ਮੈਂਬਰ ਉਸਨੂੰ ਸੰਭਾਲਣ ਵਾਲਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਾਂਗ ਨਿਊਜ਼ੀਲੈਂਡ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮਾਪਿਆਂ ਦੇ 10-10 ਸਾਲ ਦੇ ਵੀਜ਼ੇ ਦੇਵੇ ਤਾਂ ਜੋ ਵਾਰ-ਵਾਰ ਵੀਜ਼ੇ ਵਧਾਉਣ ਦੀ ਸਿਰਦਰਦੀ ਮੁੱਕ ਜਾਵੇ।
ਬਲਵੰਤ ਕੌਰ ਨੇ ਕਿਹਾ ਕਿ ਭਾਵੇਂ ਉਸਨੇ ਆਪਣੇ 16 ਅਕਤੂਬਰ ਨੂੰ ਮੁੱਕ ਰਹੇ ਵੀਜ਼ੇ ਨੂੰ ਵਧਾਉਣ ਲਈ ਅਪਲਾਈ ਕਰ ਦਿੱਤਾ ਹੈ ਪਰ ਵਾਰ-ਵਾਰ ਵੀਜ਼ਾ ਵਧਾਉਣਾ ਬਹੁਤ ਔਖਾ ਕੰਮ ਹੈ। ਹਮੇਸ਼ਾ ਡਰ ਰਹਿੰਦਾ ਹੈ ਕਿ ਜੇ ਵੀਜ਼ਾ ਨਾ ਵਧਿਆ ਤਾਂ ਉਸਨੂੰ ਪੰਜਾਬ ਜਾਣਾ ਪੈ ਸਕਦਾ ਹੈ। ਜਿਸ ਕਰਕੇ ਹੋਰ ਵੀ ਡਰ ਲੱਗਦਾ ਹੈ ਉੱਥੇ ਉਸਨੂੰ ਕੌਣ ਸੰਭਾਲੇਗਾ ? ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਕੁੱਝ ਮਹੀਨਿਆਂ ਦੀ ਬਜਾਏ ਸਾਲਾਂ ਦੀ ਮਿਆਦ ਵਾਲੇ ਵੀਜ਼ੇ ਜਾਰੀ ਕੀਤੇ ਜਾਣ।

ਲੁਧਿਆਣਾ ਜਿ਼ਲ੍ਹੇ ਨਾਲ ਸਬੰਧਤ ਅਤੇ ਅੱਜਕੱਲ੍ਹ ਟਾਕਾਨਿਨੀ ਰਹਿੰਦੇ ਦੋ ਭਰਾ ਜੁਝਾਰ ਸਿੰਘ ਭੁੱਲਰ ਅਤੇ ਮੋਹਰ ਸਿੰਘ ਭੁੱਲਰ ਦੇ ਹਾਲਾਤ ਵੀ ਇਹੋ ਜਿਹੇ ਹੀ ਹਨ। ਉਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਇਕੱਲੇ ਹੀ ਪੰਜਾਬ `ਚ ਰਹਿਣ ਲਈ ਮਜਬੂਰ ਹਨ।

ਇਸੇ ਤਰ੍ਹਾਂ ਮੈਨੁਰੇਵਾ `ਚ ਰਹਿਣ ਵਾਲੇ ਬਰਨਾਲਾ ਜਿ਼ਲ੍ਹੇ ਦੇ ਸੁਰਜੀਤ ਸਿੰਘ ਵੀ ਨੇ ਦੱਸਿਆ ਕਿ ਉਸਨੇ ਮਾਤਾ ਇਕੱਲੇ ਹੀ ਉੱਥੇ ਰਹਿੰਦੇ ਹਨ। ਉਨ੍ਹਾਂ ਦੀ ਭੈਣ ਆਇਰਲੈਂਡ `ਚ ਵਿਆਹੀ ਹੋਣ ਕਰਕੇ ਕੋਈ ਵੀ ਨੇੜਲਾ ਪਰਿਵਾਰਕ ਮੈਂਬਰ ਸੰਭਾਲਣ ਵਾਲਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਵੀ ਮਾਪਿਆਂ ਦੀ ਇਕਲੌਤੀ ਔਲਾਦ ਸਨ। ਉਨ੍ਹਾਂ ਨੇ ਪਿਛਲੇ ਸਾਲ ਮਾਤਾ ਦਾ ਵੀਜ਼ਾ ਲਵਾਇਆ ਸੀ ਪਰ ਵੀਜ਼ਾ ਆਉਣ ਤੋਂ ਕੁੱਝ ਬਾਅਦ ਹੀ ਲੌਕਡਾਊਨ ਲੱਗ ਗਿਆ, ਜਿਸ ਕਰਕੇ ਉਨ੍ਹਾਂ ਦੇ ਮਾਤਾ ਪੰਜਾਬ `ਚ ਰਹਿ ਗਏ ਹਨ ਅਤੇ ਡੇਢ ਸਾਲ ਤੋਂ ਨਿਊਜ਼ੀਲੈਂਡ ਆਉਣ ਦੀ ਉਡੀਕ ਕਰ ਰਹੇ ਹਨ।

ਵਾਇਆਕਾਟੋ ਦੇ ਪੁਕੇਨੋ ਟਾਊਨ `ਚ ਰਹਿਣ ਵਾਲੇ ਮੋਗੇ ਜਿ਼ਲ੍ਹੇ ਨਾਲ ਸਬੰਧਤ ਅੰਮ੍ਰਿਤਵੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਸਦੀ ਭੈਣ ਵਿਆਹੀ ਜਾ ਚੁੱਕੀ ਹੈ, ਜਿਸ ਕਰਕੇ ਉਸਦੇ ਮਾਪਿਆਂ ਲਈ ਪੰਜਾਬ `ਚ ਇਕੱਲਿਆਂ ਰਹਿਣਾ ਔਖਾ ਹੈ।

ਮੈਨੁਰੇਵਾ `ਚ ਰਹਿਣ ਵਾਲੇ ਮੋਗੇ ਨਾਲ ਸਬੰਧਤ ਇਕ ਹੋਰ ਨੌਜਵਾਨ ਕਰਮ ਸਿੰਘ ਸੰਧੂ ਦਾ ਵੀ ਕਹਿਣਾ ਹੈ ਕਿ ਉਹ ਦੋਵੇਂ ਭੈਣ-ਭਰਾ ਨਿਊਜ਼ੀਲੈਂਡ `ਚ ਰਹਿ ਰਹੇ ਹਨ। ਇਸ ਲਈ ਜੇਕਰ ਉਨ੍ਹਾਂ ਦੇ ਮਾਪੇ ਵਾਪਸ ਪੰਜਾਬ ਜਾਂਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਸੰਭਾਲਣ ਵਾਲਾ ਕੋਈ ਨਹੀਂ ਹੋਵੇਗਾ।

ਪਟਿਆਲਾ ਜਿ਼ਲ੍ਹੇ ਨਾਲ ਸਬੰਧਤ ਤੇ ਮੈਨੁਰੇਵਾ `ਚ ਰਹਿ ਰਹੇ ਰਿੱਕੀ ਢੀਂਡਸਾ ਦਾ ਵੀ ਕਹਿਣਾ ਹੈ ਕਿ ਮਾਪਿਆਂ ਨੂੰ ਲੰਬੇ ਸਮੇਂ ਲਈ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਮਾਪੇ ਵੀ ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਕੋਲ ਰਹਿ ਸਕਣ।

ਇਸ ਮਾਮਲੇ ਸਬੰਧੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਅਤੇ ਯੁਨਾਈਟਿਡ ਵੁਆਇਸ ਦੇ ਮੈਂਬਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਮੰਗ ਬਹੁਤ ਵਾਜਬ ਹੈ, ਜਿਸ ਬਾਰੇ ਢੁਕਵੇਂ ਸਮੇਂ `ਤੇ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ ਤਾਂ ਜੋ ਵਾਰੋ-ਵਾਰੀ ਸਾਰੀਆਂ ਮੰਗਾਂ ਸਰਕਾਰ ਤੋਂ ਮੰਗਵਾਈਆਂ ਜਾ ਸਕਣ।

ਜਿ਼ਕਰਯੋਗ ਹੈ ਕਿ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਲੰਬੇ ਸਮੇਂ ਤੋਂਂ ਪੇਰੇਂਟਸ ਕੈਟਾਗਿਰੀ ਤਹਿਤ ਐਪਲੀਕੇਸ਼ਨ ਲੈਣ ਦਾ ਪ੍ਰਾਸੈੱਸ ਸਸਪੈਂਡ ਕੀਤਾ ਹੋਇਆ ਹੈ ਅਤੇ ਫਿਲਹਾਲ ਪੇਰੇਂਟਸ ਨੂੰ ਵਿਜ਼ਟਜ ਵੀਜ਼ੇ ਹੀ ਜਾਰੀ ਕੀਤੇ ਜਾ ਰਹੇ ਹਨ, ਜਿਸ ਕਰਕੇ ਪੇਰੇਂਟਸ ਨੂੰ ਛੇ ਜਾਂ ਨੌ ਮਹੀਨੇ ਬਾਅਦ ਨਿਊਜ਼ੀਲੈਂਡ ਛੱਡਣਾ ਪੈਂਦਾ ਹੈ। ਹਾਲਾਂਕਿ ਲੌਕਡਾਊਨ ਦੌਰਾਨ ਵੀਜਿ਼ਆਂ ਦੀ ਮਿਆਦ ਵਧਾਈ ਜਾ ਚੁੱਕੀ ਹੈ ਪਰ ਪੰਜਾਬੀ ਭਾਈਚਾਰੇ ਦੀ ਮੰਗ ਹੈ ਕਿ ਘੱਟੋ-ਘੱਟ ਸਿਟੀਜ਼ਨ ਜਾਂ ਪਰਮਾਨੈਂਟ ਰੈਜੀਡੈਂਟਸ ਦੇ ਮਾਪਿਆਂ ਨੂੰ ਲੰਬੇ ਸਮੇਂ ਲਈ ਵੀਜ਼ੇ ਜਾਰੀ ਕੀਤੇ ਜਾਣੇ ਚਾਹੀਦੇ ਹਨ।

ADVERTISEMENT
NZ Punjabi News Matrimonials