ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ਨੀਵਾਰ ਦੇਸ਼ ਭਰ ਵਿੱਚ ਚੱਲੀ ਵੈਕਸੀਨੇਸ਼ਨ ਮੁਹਿੰਮ ਦੇ ਨਤੀਜੇ ਵਜੋਂ ਲਗਭਗ 90% ਨਿਊਜੀਲੈਂਡ ਵਾਸੀ ਹੁਣ ਘੱਟੋ-ਘੱਟ ਕੋਰੋਨਾ ਦਾ ਇੱਕ ਟੀਕਾ ਲਗਵਾ ਚੁੱਕੇ ਹਨ, ਪਰ ਅਜੇ ਵੀ 2 ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਦਾ ਆਂਕੜਾ 71% ਹੀ ਪੁੱਜਾ ਹੈ ਤੇ ਆਕਲੈਂਡ ਦੇ ਮਹਾਂਮਾਰੀ ਮਾਹਿਰ ਰੋਡ ਜੈਕਸਨ ਅਨੁਸਾਰ ਇਹ ਗਿਣਤੀ ਨਾਕਾਫੀ ਹੈ ਕੋਰੋਨਾ ਦੇ ਦਿਸ਼ਾ-ਨਿਰਦੇਸ਼ ਖਤਮ ਕਰਨ ਲਈ। ਉਨ੍ਹਾਂ ਦਾ ਕਹਿਣਾ ਹੈ ਕਿ 5 ਲੱਖ ਦੇ ਲਗਭਗ ਨਿਊਜੀਲੈਂਡ ਵਾਸੀ ਅਜੇ ਵੀ ਅਜਿਹੇ ਹਨ, ਜਿਨ੍ਹਾਂ ਨੇ ਕੋਰੋਨਾ ਦਾ ਇੱਕ ਵੀ ਟੀਕਾ ਅਜੇ ਤੱਕ ਨਹੀਂ ਲਗਵਾਇਆ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਇਸ ਕੰਮ ਲਈ ਮਾਓਰੀ ਤੇ ਪੈਸੇਫਿਕ ਭਾਈਚਾਰੇ ਦੇ ਲੀਡਰਾਂ ਦੀ ਮੱਦਦ ਲਈ ਜਾਏ ਤਾਂ ਜੋ ਵੈਕਸੀਨੇਸ਼ਨ ਦਾ ਕੰਮ ਤੇਜੀ ਨਾਲ ਸਿਰੇ ਚੜਾਇਆ ਜਾ ਸਕੇ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਆਕਲੈਂਡ ਵਾਸੀ ਕੋਰੋਨਾ ਦੇ ਦੋਨੋਂ ਟੀਕੇ ਲਗਵਾ ਚੁੱਕੇ ਹਨ, ਉਨ੍ਹਾਂ ਨੂੰ ਇੱਕ ਸਨਮਾਨ ਦੇ ਪ੍ਰਤੀਕ ਵਜੋਂ ਰੈਸਟੋਰੈਂਟਾਂ ਆਦਿ ਵਿੱਚ ਘੁੰਮਣ-ਫਿਰਣ ਜਾਣ ਦੀ ਇਜਾਜਤ ਦੇਣੀ ਚਾਹੀਦੀ ਹੈ। ਇਸ ਫੈਸਲੇ ਦਾ ਇੱਕ ਹੋਰ ਚੰਗਾ ਪ੍ਰਭਾਵ ਇਹ ਹੋਏਗਾ ਕਿ ਜਿਆਦਾ ਤੋਂ ਜਿਆਦਾ ਲੋਕ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਹੋਣਗੇ।