ਆਕਲੈਂਡ (ਹਰਪ੍ਰੀਤ ਸਿੰਘ): ਅੰਤਰਰਾਸ਼ਟਰੀ ਬਜਾਰ ਵਿੱਚ ਬੀਤੇ ਹਫਤੇ ਈਬੇਅ ਤੇ ਐਮਜੋਨ ਵਲੋਂ ਕੋਰੋਨਾਵਾਇਰਸ ਦੇ ਡਰ ਦੇ ਚਲਦਿਆਂ ਫੇਸ ਮਾਸਕ ਤੇ ਸੈਨੀਟਾਈਜਰ ਜਿਹੀਆਂ ਲੋੜੀਂਦੀਆਂ ਚੀਜਾਂ ਦੇ ਮੁੱਲਾਂ ਵਿੱਚ ਭਾਰੀ ਵਾਧੇ 'ਤੇ ਰੋਕ ਲਾਉਣ ਲਈ ਇੱਕ ਬਿਆਨਬਾਜੀ ਜਾਰੀ ਕੀਤੀ ਸੀ, ਉੱਥੇ ਹੀ ਟ੍ਰੇਡ ਮੀ ਵਲੋਂ ਇਸ ਗੱਲ ਤੋਂ ਪੱਲਾ ਝਾੜ ਲਿਆ ਗਿਆ ਹੈ।
ਦਰਅਸਲ ਟਵਿਟਰ 'ਤੇ ਕਾਫੀ ਉਪਭੋਗਤਾਵਾਂ ਵਲੋਂ ਟ੍ਰੇਡ ਮੀ 'ਤੇ ਵਿਕ ਰਹੇ ਮਾਸਕ ਤੇ ਸੈਨੀਟਾਈਜਰਾਂ ਦੀ ਬੇਲੋੜੀ ਵਧੀ ਕੀਮਤ 'ਤੇ ਇਤਰਾਜ ਜਤਾਇਆ ਗਿਆ ਸੀ ਤੇ ਇਸ ਤੇ ਟ੍ਰੇਡ ਮੀ ਨੂੰ ਕਾਬੂ ਪਾਉਣ ਲਈ ਕਿਹਾ ਸੀ। ਪਰ ਟ੍ਰੇਡ ਮੀ ਦੀ ਹੈੱਡ ਆਫ ਮਾਰਕੀਟ ਪਲੇਸ ਲੀਜਾ ਸਟੀਵਰਟ ਨੇ ਬਿਆਨਬਾਜੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਗੇ, ਕਿਉਂਕਿ ਇਹ ਮਾਮਲਾ ਸਿੱਧੇ ਤੌਰ 'ਤੇ ਵਿਕਰੇਤਾ ਦੇ ਖ੍ਰੀਦਾਰ ਵਿਚਾਲੇ ਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਮਹਿੰਗੀ ਚੀਜ ਖ੍ਰੀਦ ਸਕਦਾ ਹੈ ਤਾਂ ਇਸ ਵਿੱਚ ਦੂਜਿਆਂ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।