-ਨਿਊਜ਼ੀਲੈਂਡ `ਚ ਹਰਮਨ ਸਿੰਘ ਦੀ ਵੀ ਹੋਈ ਸੀ ਪ੍ਰਸੰਸਾ
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਜਿਸ ਤਰ੍ਹਾਂ ਛੇ ਕੁ ਸਾਲ ਪਹਿਲਾਂ ਇਕ ਸਿੱਖ ਨੌਜਵਾਨ ਹਰਮਨ ਸਿੰਘ ਨੇ ਆਪਣੀ ਪੱਗ ਲਾਹ ਕੇ ਜ਼ਖਮੀ ਬੱਚੇ ਦੀ ਸਹਾਇਤਾ ਕੀਤੀ ਸੀ, ਉਸੇ ਤਰ੍ਹਾਂ ਹੁਣ ਕੈਨੇਡਾ `ਚ ਵੀ ਹੁਣ ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਲਾਹ ਕੇ ਇਕ ਨੌਜਵਾਨ ਨੂੰ ਬਚਾਉਣ ਲਈ ਦੁਨੀਆ ਭਰ `ਚ ਪ੍ਰਸੰਸਾ ਖੱਟ ਰਹੇ ਹਨ। ਜਿਨ੍ਹਾਂ ਨੇ ਆਪਣੀ ਪੱਗਾਂ ਜੋੜ ਕੇ ਇਕ ਝਰਨੇ ਦੇ ਤੇਜ਼ ਵਹਾਅ ਵਾਲੇ ਪਾਣੀ ਦੇ ਨੇੜਲੇ ਪੂਲ ਚੋਂ ਨੂੰ ਕੱਢਿਆ ਸੀ। ਮਾਹਿਰਾਂ ਮੁਤਾਬਕ ਜੇ ਉਸਨੂੰ ਛੇਤੀ ਨਾ ਕੱਢਿਆ ਜਾਂਦਾ ਤਾਂ ਉਹ ਠੰਢ ਨਾਲ ਹਾਈਪੋਥਰਮੀਆ ਦਾ ਸਿ਼ਕਾਰ ਹੋ ਸਕਦਾ ਸੀ।
ਵੱਖ-ਵੱਖ ਰਿਪੋਰਟਾਂ ਅਨੁਸਾਰ ਇਹ ਘਟਨਾ ਪਿਛਲੇ ਦਿਨੀਂ ਕੈਨੇਡਾ `ਚ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ `ਚ ਵਾਪਰੀ ਸੀ। ਜਿੱਥੇ ਪਾਣੀ ਦੇ ਤੇਜ਼ ਵਹਾਅ ਵਾਲੇ ਝਰਨੇ ‘ਲੋਅਰ ਫਾਲਜ’ ਦੇ ਨੇੜੇ ਪੈਰ ਤਿਲਕਣ ਕਰਕੇ ਇੱਕ ਨੌਜਵਾਨ ਫਸ ਗਿਆ ਸੀ। ਉਸ ਵਕਤ ਉੱਥੇ ਕੁਲਵਿੰਦਰ ਕਿੰਦਾ ਅਤੇ ਉਸਦੇ 4 ਸਾਥੀ ਵੀ ਹਾਈਕਿੰਗ ਕਰ ਰਹੇ ਸਨ, ਜਿਨ੍ਹਾਂ ਨੂੰ ਦੋਹਾਂ ਨੌਜਵਾਨਾਂ ਨੇ ਮੱਦਦ ਵਾਸਤੇ ਅਪੀਲ ਕੀਤੀ ਕਿ ਬਚਾਉ ਟੀਮ ਨੂੰ ਬੁਲਾ ਲਿਆ ਜਾਵੇ। ਪਰ ਉਨ੍ਹਾਂ ਕੋਲ ਉਸ ਵਕਤ ਕੋਈ ਫ਼ੋਨ ਨਹੀਂ ਸੀ ਅਤੇ 10 ਮਿੰਟ ਇਧਰ-ਉਧਰ ਮੱਦਦ ਵਾਸਤੇ ਯਤਨ ਕਰਦੇ ਰਹੇ। ਇਸ ਦੌਰਾਨ ਕੁਲਵਿੰਦਰ ਨੂੰ ਇੱਕਦਮ ਖਿਆਲ ਆਇਆ ਅਤੇ ਤੁਰੰਤ ਆਪਣੀਆਂ ਪੱਗਾਂ ਜੋੜ ਕੇ 33 ਫੁੱਟ ਲੰਬਾ ਰੱਸਾ ਬਣਾ ਲਿਆ। ਜਿਸ ਨਾਲ ਪੂਲ `ਚ ਫਸੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢ ਲਿਆ।
ਕੁਲਵਿੰਦਰ ਅਨੁਸਾਰ ਮੱਦਦ ਕਰਦਿਆਂ ਆਪਣੀ ਸੁਰੱਖਿਆ ਨਾਲੋਂ ਉਨ੍ਹਾਂ ਦੋਹਾਂ ਨੌਜਵਾਨਾਂ ਦਾ ਵੱਧ ਫਿਕਰ ਲੱਗ ਰਿਹਾ ਸੀ , ਸਿੱਖੀ `ਚ ਉਨ੍ਹਾਂ ਨੂੰ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨ ਲਈ ਸਿਖਾਇਆ ਜਾਂਦਾ ਹੈ। ਇੱਥੋਂ ਤੱਕ ਕਿ ਦੂਜਿਆਂ ਲਈ ਪੱਗ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਘਟਨਾ ਤੋਂ ਬਾਅਦ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਭਾਈਚਾਰੇ ਨੇ ਨੌਜਵਾਨਾਂ ਦੀ ਪ੍ਰਸੰਸਾ ਕੀਤੀ ਹੈ, ਉੱਥੇ ‘ਰਿਜ ਮੀਡੋਜ ਸਰਚ ਐਂਡ ਰੈਸਕਿਊ ਦੇ ਸਰਚ ਮੈਨੇਜਰ ਰਿਕ ਲਾਇੰਗ ਨੇ ਵੀ ਸਿੱਖ ਨੌਜਵਾਨਾਂ ਦੇ ਕਾਰਜ ਨੂੰ ਸਲਾਹਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਫਸ ਹੋਏ ਨੌਜਵਾਨ ਨੂੰ ਛੇਤੀ ਬਾਹਰ ਨਾ ਕੱਢਿਆ ਜਾਂਦਾ ਤਾਂ ਉਸਨੂੰ ਠੰਢੇ ਪਾਣੀ ਨਾਲ ਹਾਈਪੋਥਰਮੀਆ ਹੋ ਸਕਦਾ ਸੀ।
ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ `ਚ ਵੀ ਮਈ 2015 `ਚ 22 ਕੁ ਸਾਲ ਦੇ ਨੌਜਵਾਨ ਹਰਮਨ ਸਿੰਘ ਨੇ ਸੜਕ ਦੁਰਘਟਨਾ `ਚ ਜ਼ਖਮੀ ਹੋਏ ਇੱਕ ਬੱਚੇ ਦੇ ਸਿਰ ਥੱਲੇ ਆਪਣੀ ਪੱਗ ਲਾਹ ਕੇ ਰੱਖ ਦਿੱਤੀ ਸੀ। ਜਿਸ ਪਿੱਛੋਂ ਨਿਊਜ਼ੀਲੈਂਡ ਸਮੇਤ ਦੁਨੀਆ ਭਰ `ਚ ਉਸਦੀ ਪ੍ਰਸੰਸਾ ਹੋਈ ਸੀ ਕਿ ਉਸਨੇ ਧਰਮ ਨਾਲੋਂ ਮਨੁੱਖਤਾ ਨੂੰ ਤਰਜੀਹ ਦੇ ਕੇ ਲੋੜਵੰਦ ਦੀ ਜਾਨ ਬਚਾਉਣ ਵਾਲਾ ਕਾਰਜ ਕੀਤਾ ਸੀ।