ਆਕਲੈਂਡ : ਅਵਤਾਰ ਸਿੰਘ ਟਹਿਣਾ
ਵੰਨ-ਔਫ ਰੈਜੀਡੈਂਟ ਵੀਜ਼ੇ ਵਾਲੀਆਂ ਐਪਲੀਕੇਸ਼ਨਜ ਦੀ ਦਸੰਬਰ `ਚ ਪ੍ਰਾਸੈੱਸਿੰਗ ਸ਼ੁਰੂ ਕਰਨ ਲਈ ਇਮੀਗਰੇਸ਼ਨ ਨਿਊਜ਼ੀਲੈਂਡ ਆਪਣੇ ਸਟਾਫ਼ ਨੂੰ ਨਵੇਂ ਸਿਰੇ ਤੋਂ ਟਰੇਨਿੰਗ ਦੇਵੇਗੀ ਤਾਂ ਜੋ ਇੱਕ ਲੱਖ ਤੋਂ ਵੱਖ ਅਰਜ਼ੀਆਂ ਦਾ ਨਿਪਟਾਰਾ ਮਿਥੇ ਸਮੇਂ ਦੇ ਅੰਦਰ-ਅੰਦਰ ਹੋ ਸਕੇ। ਹਾਲਾਂਕਿ ਇਮੀਗਰੇਸ਼ਨ ਵਿਭਾਗ ਨੇ ਇਸ਼ਾਰਾ ਕੀਤਾ ਹੈ ਕਿ ਇਸ ਕੰਮ ਵਾਸਤੇ ਸਟਾਫ਼ ਦੀ ਨਵੀਂ ਭਰਤੀ ਕੀਤੇ ਜਾਣ ਦੀ ਕੋਈ ਯੋਜਨਾ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਬਾਰਡਰ ਅਤੇ ਵੀਜ਼ਾ ਅਪਰੇਸ਼ਨਜ ਦੀ ਜਨਰਲ ਮੈਨੇਜਰ ਨਿਕੋਲਾ ਹੌਗ ਦਾ ਕਹਿਣਾ ਹੈ ਕਿ ਵੰਨ-ਔਫ ਰੈਜੀਡੈਂਟ ਵੀਜ਼ੇ ਵਾਲੀਆਂ ਕਰੀਬ ਇੱਕ ਲੱਖ 10 ਹਜ਼ਾਰ ਵੀਜ਼ਾ ਅਰਜ਼ੀਆਂ ਦਾ ਇੱਕ ਸਾਲ ਦੇ ਅੰਦਰ-ਅੰਦਰ ਜਾਂ ਇਸ ਤੋਂ ਪਹਿਲਾਂ ਤੇਜ਼ੀ ਨਾਲ ਨਿਪਟਾਰਾ ਕਰਨ ਵਾਸਤੇ ਮੌਜੂਦਾ ਸਟਾਫ਼ ਨੂੰ ਹੀ ਟਰੇਨਿੰਗ ਦਿੱਤੀ ਜਾਵੇਗੀ, ਕਿਉਂਕਿ ਨਵੇਂ ਸਟਾਫ਼ ਦੀ ਭਰਤੀ ਕੀਤੇ ਜਾਣ ਬਾਰੇ ਹਾਲ ਦੀ ਘੜੀ ਕੋਈ ਵੀ ਪਲਾਨ ਨਹੀਂ ਹੈ। ਜਿਸ ਕਰਕੇ ਨਵੀਂ ਭਰਤੀ ਦੀ ਬਜਾਏ ਪਹਿਲਾਂ ਹੀ ਕੰਮ ਕਰ ਰਹੇ ਸਟਾਫ਼ ਨੂੰ ਲੋੜੀਂਦੀ ਟਰੇਨਿੰਗ ਦੇ ਕੇ ਅਰਜ਼ੀਆਂ ਦੀ ਪ੍ਰਾਸੈੱਸਿੰਗ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਵਾਸਤੇ ਨਵੀਂਆਂ ਅਰਜ਼ੀਆਂ ਦੀ ਪ੍ਰਾਸੈੱਸਿੰਗ ਪਹਿਲ ਦੇ ਅਧਾਰ `ਤੇ ਕੀਤੀ ਜਾਵੇਗੀ।
ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਵੱਲੋਂ ਪਿਛਲੇ ਮਹੀਨੇ ਐਲਾਨੀ ਗਈ ਨਵੀਂ ਨੀਤੀ ਅਨੁਸਾਰ ਰੈਜੀਡੈਂਟ ਵੀਜ਼ਾ 2021 ਲਈ ਪਹਿਲੇ ਪੜਾਅ ਵਾਸਤੇ ਅਰਜ਼ੀਆਂ ਪ੍ਰਾਪਤ ਕੀਤੇ ਜਾਣ ਦਾ ਪ੍ਰਾਸੈੱਸ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪਰ ਉਸ ਬਾਰੇ ਅਜੇ ਵੀ ਕਈ ਤਰ੍ਹਾਂ ਸੰਸੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਇੰਨੀ ਵੱਡੀ ਗਿਣਤੀ `ਚ ਅਰਜ਼ੀਆਂ ਦਾ ਨਿਬੇੜਾ ਕਰਨ ਲਈ ਇਮੀਗਰੇਸ਼ਨ ਵਿਭਾਗ ਕਿਹੜੇ ਢੰਗ-ਤਰੀਕੇ ਨਾਲ ਕੰਮ ਸ਼ੁਰੂ ਕਰੇਗਾ ਤਾਂ ਜੋ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਮੁਸ਼ਕਲ ਪੇਸ਼ ਨਾ ਆਵੇ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਵੇਂ ਨਵੀਂ ਨੀਤੀ ਤਹਿਤ ਬਹੁਤ ਸਾਰੇ ਮਾਈਗਰੈਂਟਸ ਲਈ ਰੈਜੀਡੈਂਸੀ ਵਾਸਤੇ ਰਾਹ ਖੁੱਲ੍ਹ ਚੁੱਕਾ ਹੈ ਪਰ ਅਜੇ ਬਹੁਤ ਅਜਿਹੇ ਵਰਕਰ ਵਾਂਝੇ ਰਹਿ ਗਏ ਹਨ, ਜਿਹੜੇ ਕਈ ਸਾਲਾਂ ਤੋਂ ਨਿਊਜ਼ੀਲੈਂਡ `ਚ ਰਹਿ ਰਹੇ ਹਨ। ਉਹ ਕਈ-ਕਈ ਸਾਲ ਵਰਕ ਵੀਜਿ਼ਆਂ `ਤੇ ਕੰਮ ਕਰਨ ਦੇ ਬਾਵਜੂਦ ਰੈਜੀਡੈਂਟ ਵੀਜ਼ਾ ਨਹੀਂ ਪ੍ਰਾਪਤ ਕਰ ਸਕੇ ਸਨ। ਜਿਸ ਕਰਕੇ ਉਹ ਆਪਣੀ ਯੋਗਤਾ ਵਧਾਉਣ ਲਈ ਨਵੇਂ ਸਿਰੇ ਤੋਂ ਪੜ੍ਹਾਈ ਕਰਨ ਲੱਗ ਪਏ ਸਨ। ਜਿਨ੍ਹਾਂ ਵੱਲੋਂ ਹੁਣ ਪਟੀਸ਼ਨਾਂ ਪਾ ਕੇ ਸਰਕਾਰ `ਤੇ ਦਬਾਅ ਪਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਪੀਐਚਡੀ ਤੋਂ ਇਲਾਵਾ ਐਜੂਕੇਸ਼ਨ ਅਤੇ ਹੈੱਲਥ ਕੇਅਰ ਸੈਕਟਰ `ਚ ਪੜ੍ਹਾਈ ਕਰਨ ਵਾਲਿਆਂ ਨੂੰ ਵੰਨ-ਔੌਫ ਰੈਜੀਡੈਂਟ ਵੀਜ਼ੇ ਵਾਲੀ ਕੈਟਾਗਿਰੀ `ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਦੇ ਹੱਕ `ਚ ਗਰੀਨ ਅਤੇ ਐਕਟ ਪਾਰਟੀਆਂ ਵੀ ਪਟੀਸ਼ਨਾਂ ਪਾ ਚੁੱਕੀਆਂ ਹਨ।