Sunday, 28 November 2021
25 October 2021 New Zealand

ਇਮੀਗੇਸ਼ਨ ਨਿਊਜ਼ੀਲੈਂਡ ਨੇ ਐਚਆਈਵੀ ਪੌਜੇਟਿਵ ਲੋਕਾਂ ਨੂੰ ਦਿੱਤੇ ਵੀਜ਼ੇ

ਇਮੀਗੇਸ਼ਨ ਨਿਊਜ਼ੀਲੈਂਡ ਨੇ ਐਚਆਈਵੀ ਪੌਜੇਟਿਵ ਲੋਕਾਂ ਨੂੰ ਦਿੱਤੇ ਵੀਜ਼ੇ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਭਾਵੇਂ ਇਮੀਗੇਸ਼ਨ ਨਿਊਜ਼ੀਲੈਂਡ ਕਈ ਵਾਰ ਮੈਡੀਕਲ ਅਧਾਰ `ਤੇ ਚੰਗੇ-ਭਲੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੰਦੀ ਹੈ ਪਰ ਪਿਛਲੇ ਪੰਜ ਸਾਲਾਂ ਦੌਰਾਨ ਅਜਿਹੇ ਅੱਠ ਲੋਕਾਂ ਦੀਆਂ ਅਰਜ਼ੀਆਂ ਪ੍ਰਵਾਨ ਕਰ ਚੁੱਕੀ ਹੈ, ਜਿਹੜੇ ਐਚਆਈਵੀ ਪੌਜੇਟਿਵ ਸਨ।
ਇਮੀਗਰੇਸ਼ਨ ਦੇ ਚੀਫ਼ ਮੈਡੀਕਲ ਅਫ਼ਸਰ ਵੀ ਖੁਲਾਸਾ ਕਰ ਰਹੇ ਹਨ ਕਿ ਇਲਾਜਯੋਗ ਐਚਆਈਵੀ ਪੌਜੇਟਿਵ ਲੋਕਾਂ ਨੂੰ ਵੀਜ਼ੇ ਦੇਣ ਵਾਸਤੇ ਰਾਹ ਕੁੱਝ ਸੌਖਾ ਕੀਤਾ ਜਾ ਰਿਹਾ ਹੈ, ਹਾਲਾਂਕਿ ਇੱਕ ਸਾਲ ਤੋਂ ਵੱਧ ਮਿਆਦ ਵਾਲੇ ਵੀਜ਼ੇ ਵਾਸਤੇ ਇਹ ਸ਼ਰਤ ਬਰਕਰਾਰ ਰਹੇਗੀ। ਏਡਜ਼ ਫਾਊਂਡੇਸ਼ਨ ਨੇ ਨਵੇਂ ਫ਼ੈਸਲੇ ਦਾ ਸਵਾਗਤ ਕੀਤਾ ਹੈ ਕਿ ਠੀਕ ਢੰਗ ਨਾਲ ਇਲਾਜ ਕਰਵਾਏ ਜਾਣ ਪਿੱਛੋਂ ਵਾਇਰਸ ਅੱਗੇ ਨਹੀਂ ਫ਼ੈਲਦਾ।
ਆਫ਼ੀਸ਼ਲ ਇਨਫਰਮੇਸ਼ਨ ਐਕਟ ਤਹਿਤ ਇਕ ਰਿਪੋਰਟ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਇਮੀਗਰੇਸ਼ਨ ਕੋਲ ਐਚਆਈਵੀ ਪੌਜੇਟਿਵ ਕੇਸਾਂ ਨਾਲ ਸਬਧੰਤ 14 ਲੋਕਾਂ ਦੀਆਂ ਅਰਜ਼ੀਆਂ ਪਹੁੰਚੀਆਂ ਸਨ। ਜਿਨ੍ਹਾਂ ਚੋਂ 4 ਰੈਜੀਡੈਂਟ ਵੀਜ਼ੇ ਅਤੇ 10 ਟੈਂਪਰੇਰੀ ਵੀਜ਼ੇ ਨਾਲ ਸਬੰਧਤ ਸਨ। ਇਨ੍ਹਾਂ ਚੋਂ ਅੱਠ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਸਨ।
ਹਾਲਾਂਕਿ ਕਈ ਅਜਿਹੇ ਲੋਕਾਂ ਨੂੰ ਨਿਊਜ਼ੀਲੈਂਡ `ਚੋਂ ਬਾਹਰ ਕੱਢ ਦਿੱਤਾ ਗਿਆ ਹੈ,ਜਿਨ੍ਹਾਂ `ਚ ਅਰਜਨਟੀਨਾ ਦਾ ਇਕ ਵਿਅਕਤੀ ਵੀ ਸ਼ਾਮਲ ਹੈ, ਜਿਸਨੇ ਆਪਣੀ ਡੀਪੋਰਟੇਸ਼ਨ ਖਿਲਾਫ਼ ਅਪੀਲ ਵੀ ਪਾਈ ਸੀ ਕਿ ਉਹ ਅਰਜਨਟੀਨਾ ਜਾ ਕੇ ਇਲਾਜ ਨਹੀਂ ਕਰਵਾ ਸਕੇਗਾ।
ਇਸ ਸਬੰਧੀ ਇਮੀਗਰੇਸ਼ਨ ਦੇ ਚੀਫ਼ ਮੈਡੀਕਲ ਅਫ਼ਸਰ ਡਾਕਟਰ ਰੋਬ ਕੋਫਿਡ ਦਾ ਕਹਿਣਾ ਹੈ ਕਿ ਐਚਆਈਵੀ ਪੀੜਤ ਜਿਹੜੇ ਲੋਕ ਨਿਊਜ਼ੀਲੈਂਡ ਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਅੜਿੱਕਿਆਂ ਨੂੰ ਘਟਾਇਆ ਜਾ ਰਿਹਾ ਹੈ। ਜਿਨ੍ਹਾਂ ਦੀਆਂ ਅਰਜ਼ੀਆਂ ‘ਕੇਸ ਬਾਇ ਕੇਸ’ ਕਰਕੇ ਵਿਚਾਰੀਆਂ ਜਾਣਗੀਆਂ ਹਾਲਾਂਕਿ ਇਸ ਤੋਂ ਪਹਿਲਾਂ ਰੈਜੀਡੈਂਟ ਵੀਜ਼ੇ ਵਾਸਤੇ ਐਚਆਈਵੀ ਪੌਜੇਟਿਵ ਲੋਕਾਂ ਨੂੰ ਹੈੱਲਥ ਸਟੈਂਡਰਡ ਦੇ ਹਿਸਾਬ ਨਾਲ ਯੋਗ ਨਹੀਂ ਸਮਝਿਆ ਜਾਂਦਾ ਸੀ। ਪਰ ਇਸਦੇ ਬਾਵਜੂਦ ਇੱਕ ਸਾਲ ਤੋਂ ਵੱਧ ਸਮੇਂ ਵਾਸਤੇ ਨਿਊਜ਼ੀਲੈਂਡ ਰਹਿਣ ਦੇ ਚਾਹਵਾਨਾਂ ਵਾਸਤੇ ਐਚਆਈਵੀ ਟੈਸਟਿੰਗ ਦੀ ਸ਼ਰਤ ਬਰਕਰਾਰ ਰਹੇਗੀ।
ਗਰੀਨ ਪਾਰਟੀ ਦੇ ਇਮੀਗਰੇਸ਼ਨ ਸਪੋਕਸਪਰਨ ਰਿਕਾਰਡੋ ਮੈਨਨਡੇਜ਼ ਦਾ ਕਹਿਣਾ ਕਿ ਨਿਊਜ਼ੀਲੈਂਡ ਨੂੰ ਇਸ ਦਿਸ਼ਾ `ਚ ਅਜੇ ਵੀ ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ ਕਿਉਂਕਿ ਨਿਊਜ਼ੀਲੈਂਡ ਦੀਆਂ ਮੌਜੂਦਾ ਨੀਤੀਆਂ ‘ਜੁਆਇੰਟ ਯੁਨਾਈਟਿਡ ਨੇਸ਼ਨਜ ਪ੍ਰੋਗਰਾਮ ਔਨ ਐਚਆਈਵੀ/ਏਡਜ਼ ਪ੍ਰਤੀ ਵਚਨਬੱਧਤਾ ਦੇ ਵਿਰੱੁਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਵਾਨਯੋਗ ਹੈੱਲਥ ਸਟੈਂਡਰਡ ਲਈ ਐਚਆਈਵੀ ਟੈਸਟ ਦੀ ਜ਼ਰੂਰਤ ਇਹ ਪ੍ਰਭਾਵ ਨਹੀਂ ਦਿੰਦੀ ਕਿ ਐਚਆਈਵੀ ਇਲਾਜਯੋਗ ਹੈ।
ਨਿਊਜ਼ੀਲੈਂਡ ਏਡਜ਼ ਫਾਊਂਡੇਸ਼ਨ ਦੇ ਚੀਫ਼ ਐਗਜ਼ੈਕਟਿਵ ਡਾ ਜੈਸਨ ਮਾਇਰਜ਼ ਨੇ ਇਮੀਗਰੇਸ਼ਨ ਦੇ ਫ਼ੈਸਲੇ `ਤੇ ਮਾਣ ਮਹਿਸੂਸ ਕਰਦਿਆਂ ਕਿਹਾ ਹੈ ਕਿ ਜੇਕਰ ਵਧੀਆ ਢੰਗ ਨਾਲ ਇਲਾਜ ਹੋ ਜਾਵੇ ਤਾਂ ਐਚਆਈਵੀ ਮਰੀਜ਼ ਦੇਸ਼ ਦੇ ਹੈੱਲਥ ਸਿਸਟਮ `ਤੇ ਬੋਝ ਨਹੀਂ ਬਣਦਾ। ਐਚਆਈਵੀ ਤੋਂ ਪ੍ਰਭਾਵਿਤ ਜਿਹੜੇ ਲੋਕ ਇਲਾਜ ਕਰਵਾ ਲੈਂਦੇ ਹਨ, ਉਨ੍ਹਾਂ ਰਾਹੀਂ ਵਾਇਰਸ ਅੱਗੇ ਨਹੀਂ ਫ਼ੈਲਦਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਐਚਆਈਵਾਈ ਦੇ ਧੱਬੇ ਨੂੰ ਧੋਣ ਵਾਲੇ ਪਾਸੇ ਇੱਕ ਨਵਾਂ ਕਦਮ ਹੈ। ਜਿਸਨੇ ਦੇਸ਼ ਦੀਆਂ ਪਾਲਿਸੀਆਂ ਨੂੰ ਆਧੁਨਿਕ ਵਿਗਿਆਨਕ ਅਤੇ ਪਬਲਿਕ ਹੈੱਲਥ ਸਿਫ਼ਾਰਸ਼ਾਂ ਦੇ ਨੇੜੇ ਲਿਆਂਦਾ ਹੈ।
ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਏਡਜ਼ ਫਾਊਂਡੇਸ਼ਨ ਵੱਲੋਂ ਕੁੱਝ ਸਾਲ ਪਹਿਲਾਂ ਕਰਵਾਏ ਗਏ ਸਰਵੇਖਣ ਦੌਰਾਨ ਸਾਹਮਣੇ ਆਇਆ ਸੀ ਕਿ ਨਿਊਜ਼ੀਲੈਂਡ ਦੇ 50 ਪਰਸੈਂਟ ਲੋਕ ਆਪਣੇ ਬੱਚਿਆਂ ਨੂੰ ਉਨ੍ਹਾਂ ਬੱਚਿਆਂ ਨਾਲ ਖੇਡਣ `ਤੇ ਅਸਹਿਜ ਮਹਿਸੂਸ ਕਰਦੇ ਹਨ,ਜਿਹੜੇ ਬੱਚਿਆਂ ਦੇ ਮਾਪੇ ਐਚਆਈਵੀ ਤੋਂ ਪੀੜਤ ਹਨ।

ADVERTISEMENT
NZ Punjabi News Matrimonials