ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੇ ਡੈਨੀਅਲ ਸਮਾਲ ਆਪਣੀ ਪਤਨੀ ਤੇ 2 ਸਾਲਾ ਬੱਚੇ ਸਮੇਤ ਆਸਟ੍ਰੇਲੀਆ ਮੂਵ ਹੋਇਆ ਸੀ, ਪਰ ਉੱਥੇ ਉਨ੍ਹਾਂ ਦਾ ਪੁੱਤ ਬਿਮਾਰ ਪੈ ਗਿਆ ਤੇ ਉਸਦੇ ਠੀਕ ਹੋਣ ਮਗਰੋਂ ਉਸ ਨੂੰ ਆਪਣੇ ਦਾਦਾ-ਦਾਦੀ ਨਾਲ ਆਕਲੈਂਡ ਵਾਪਿਸ ਭੇਜ ਦਿੱਤਾ ਗਿਆ ਤਾਂ ਜੋ ਉਹ ਚੰਗੀ ਤਰ੍ਹਾਂ ਰਿਕਵਰ ਕਰ ਸਕੇ ਤੇ ਉਸਦੇ ਮਾਪੇ ਉੱਥੇ ਆਸਟ੍ਰੇਲੀਆ ਵਿੱਚ ਆਪਣੀ ਸੈਟਿੰਗ ਕਰ ਸਕਣ।
ਪਰ ਕੋਰੋਨਾ ਦਾ ਦੌਰ ਸ਼ੁਰੂ ਹੋਇਆ ਤੇ ਤਾਸਮਨ ਟਰੈਵਲ ਬਬਲ ਭੰਗ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਲਗਭਗ 4 ਮਹੀਨੇ ਹੋ ਗਏ ਹਨ ਡੈਨੀਅਲ ਤੇ ਉਸਦੀ ਪਤਨੀ ਨੂੰ ਆਪਣੇ ਪੁੱਤ ਨੂੰ ਮਿਲਿਆਂ ਨੂੰ।
ਐਮ ਆਈ ਕਿਊ ਲਈ ਵਿਸ਼ੇਸ਼ ਰਿਆਇਤ ਤਹਿਤ ਵੀ ਕਈ ਵਾਰ ਅਰਜੀ ਲਾਈ ਗਈ ਪਰ ਕੁਝ ਨਹੀਂ ਬਣਿਆ ਤੇ ਹਰ ਵਾਰ ਉਨ੍ਹਾਂ ਦੀ ਐਮ ਆਈ ਕਿਊ ਦੀ ਅਰਜੀ ਰੱਦ ਕਰ ਦਿੱਤੀ ਗਈ। ਡੈਨੀਅਲ ਦਾ ਕਹਿਣਾ ਹੈ ਕਿ ਜੋੜੇ ਲਈ ਇਹ ਬਹੁਤ ਔਖਾ ਵੇਲਾ ਹੈ, ਕਿਉਂਕਿ ਆਪਣੇ ਪੁੱਤ ਨਾਲੋਂ ਵੱਖ ਹੋਕੇ ਬਿਤਾਇਆ ਸਮਾਂ ਸੱਚਮੁੱਚ ਹੀ ਬੜਾ ਔਖਾ ਹੈ ਤੇ ਜੇ ਇਸੇ ਤਰ੍ਹਾਂ ਰਿਹਾ ਤਾਂ ਬਾਰਡਰ ਖੁੱਲਣ ਦੇ ਐਲਾਨ ਦੇ ਬਾਵਜੁਦ ਅਜੇ 4 ਜਾਂ 5 ਮਹੀਨਿਆਂ ਦਾ ਹੋਰ ਸਮਾਂ ਲੱਗੇਗਾ ਉਨ੍ਹਾਂ ਨੂੰ ਆਪਣੇ ਪੁੱਤ ਨੂੰ ਵਾਪਿਸ ਆਸਟ੍ਰੇਲੀਆ ਲੈ ਜਾਣ ਲਈ।