ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਆਸਟਰੇਲੀਆ ਤੋਂ ਡੀਪੋਰਟ ਕੀਤੇ ਨਿਊਜ਼ੀਲੈਂਡਰਾਂ ਨੂੰ ਵਾਪਸ ਭੇਜੇ ਜਾਣ ਦੇ ਅਮਲ `ਚ ਤਿੰਨ ਮਹੀਨਿਆਂ ਦੀ ਖੜੋਤ ਤੋਂ ਬਾਅਦ ਅੱਜ ਚਾਰਟਰ ਫਲਾਈਟ 8 ਨਿਊਜ਼ੀਲੈਂਡਰਾਂ ਨੂੰ ਲੈ ਕੇ ਆਕਲੈਂਡ ਪੁੱਜ ਗਈ। ਜਿਨ੍ਹਾਂ ਨਾਲ ਆਸਟਰੇਲੀਆ ਦੇ ਬਾਰਡਰ ਫੋਰਸ ਦੇ ਅਫ਼ਸਰ ਵੀ ਸਨ। ਇਨ੍ਹਾਂ ਲੋਕਾਂ ਨੂੰ ਫ਼ੈਡਰਲ ਸਟਰੀਟ `ਤੇ ਰਮਾਡਾ ਦੇ ਫਲੈਟਾਂ `ਚ ਭੇਜਿਆ ਗਿਆ ਹੈ, ਜਿੱਥੇ ਸੱਤ ਦਿਨਾਂ ਲਈ ਕੁਵੌਰਨਟੀਨ `ਚ ਰੱਖਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸਕਾਈ ਟਰੇਡਰਜ਼ ਨਾਂ ਵਾਲੀ ਚਾਰਟਰ ਕੰਪਨੀ ਦਾ ਜਹਾਜ਼ ਅੱਜ ਸ਼ਾਮ ਸਾਢੇ ਤਿੰਨ ਵਜੇ ਆਕਲੈਂਡ ਏਅਰਪੋਰਟ `ਤੇ ਉਤਰਿਆ ਸੀ। ਜਿਸ ਪਿੱਛੋਂ ਉਨ੍ਹਾਂ ਨੂੰ ਆਕਲੈਂਡ ਸਿਟੀ ਭੇਜ ਦਿੱਤਾ ਗਿਆ। ਬੁੱਧਵਾਰ ਨੂੰ ਦੋ ਹੋਰ ਫਲਾਈਟਾਂ ਪੁੱਜਣ ਦੀ ਉਮੀਦ ਹੈ।
ਡੀਪੋਰਟ ਲੋਕਾਂ ਦੀ ਵਕੀਲ ਫਿਲੀਪਾ ਪਾਈਨੀ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਬਾਅਦ ਇਹ ਫਲਾਈਟ ਆਈ ਹੈ ਅਤੇ ਡੀਪੋਰਟ ਕੀਤੇ ਲੋਕਾਂ ਨੂੰ ਇੱਕ ਹਫ਼ਤੇ ਲਈ ਕੁਵੌਰਨਟੀਨ `ਚ ਰਹਿਣ ਲਈ ਆਖਿਆ ਗਿਆ ਹੈ।
ਜਿ਼ਕਰਯੋਗ ਹੈ ਕਿ ਕੋਵਿਡ-19 ਕਾਰਨ ਨਿਊਜ਼ੀਲੈਂਡ ਦੇ ਬਾਰਡਰ ਬੰਦ ਹੋਣ ਤੋਂ ਬਾਅਦ ਆਸਟਰੇਲੀਆ ਕਰੀਬ 300 ਲੋਕਾਂ ਡੀਪੋਰਟ ਕਰਕੇ ਨਿਊਜ਼ੀਲੈਂਡ ਭੇਜ ਚੁੱਕਾ ਹੈ। ਜਿਹੜੇ ਨਿਊਜ਼ੀਲੈਂਡ ਦੇ ਜੰਮਪਲ ਹਨ ਅਤੇ ਆਸਟਰੇਲੀਆ `ਚ ਰਹਿੰਦੇ ਹੋਏ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਏ ਸਨ। ਜਿਸ ਕਰਕੇ ‘ਕਰੈਕਟਰ’ ਦੇ ਅਧਾਰ `ਤੇ ਡੀਪੋਰਟ ਕੀਤੇ ਗਏ ਹਨ। ਜਿਨ੍ਹਾਂ ਚੋਂ ਕਈਆਂ ਦੇ ਪਰਿਵਾਰ ਆਸਟਰੇਲੀਆ `ਚ ਰਹਿ ਗਏ ਹਨ।