ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਪੰਜਾਬ ਦੇ ਚੋਟੀ ਦੇ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਆਉਣ ਵਾਲੇ ਸੀਜ਼ਨ ਵਿੱਚ ਆਸਟਰੇਲੀਆ ਦੀ ਨੈਸ਼ਨਲ ਬਾਸਕਟਬਾਲ ਲੀਗ (ਐਨ ਬੀ ਐਲ) ਵਿੱਚ ਆਕਲੈਂਡ ਦੇ ਕਲੱਬ ਨੇ ਨਿਊਜ਼ੀਲੈਂਡ ਬ੍ਰੇਕਰਜ਼ ਵਲੋਂ ਖੇਡਣ ਲਈ ਸਾਈਨ ਅੱਪ ਕੀਤਾ ਹੈ। ਆਕਲੈਂਡ ਦੇ ਕਲੱਬ ਨੇ ਬੁੱਧਵਾਰ ਨੂੰ ਇਸ ਬਾਰੇ ਐਲਾਨ ਕੀਤਾ ਕਿ 20 ਸਾਲਾ ਪਾਵਰ ਫਾਰਵਰਡ ਪ੍ਰਿੰਸਪਾਲ ਸਿੰਘ, ਜੋ ਕਿ 6'9" ਲੰਬਾ ਪੰਜਾਬੀ ਗਬਰੂ ਹੈ ਹੈ, ਕਿ ਪ੍ਰਿੰਸਪਾਲ ਸਿੰਘ ਨੂੰ ਕਲੱਬ ਨੇ ਦੋ ਸਾਲ ਵਾਸਤੇ ਖੇਡਣ ਲਈ ਇਕਰਾਰ ਸਾਈਨ ਕੀਤਾ ਹੈ ਜੋ ਕਿ ਆਉਣ ਵਾਲੇ ਸਮੇਂ ਚ ਤੀਜੇ ਸਾਲ ਲਈ ਵੀ ਵੱਧ ਸਕਦਾ ਹੈ |
ਸਿੰਘ, ਜੋ 2020 ਵਿੱਚ ਐਨਬੀਏ ਇਗਨਾਈਟ ਲਈ ਐਨਬੀਏ ਜੀ-ਲੀਗ ਵਿੱਚ ਖੇਡਣ ਵਾਲੇ ਪਹਿਲੇ ਐਨਬੀਏ ਅਕੈਡਮੀ ਗ੍ਰੈਜੂਏਟ ਬਣੇ ਸਨ, ਨੇ ਐਨਬੀਏ ਸਮਰ ਲੀਗ 2021 ਵਿੱਚ ਸੈਕਰਾਮੈਂਟੋ ਕਿੰਗਜ਼ ਦੀ ਨੁਮਾਇੰਦਗੀ ਕੀਤੀ ਸੀ ਅਤੇ ਹਾਲ ਹੀ ਵਿੱਚ ਸਟਾਕਟਨ ਕਿੰਗਜ਼ ਨੇ 2021 ਦੇ ਐਨਬੀਏ ਜੀ-ਲੀਗ ਵਿੱਚ ਵੀ ਚੁਣਿਆ ਸੀ। ਉਹ ਪਾਲਪ੍ਰੀਤ ਸਿੰਘ ਬਰਾੜ ਤੋਂ ਬਾਅਦ ਪੰਜਾਬ ਦਾ ਦੂਜਾ ਖਿਡਾਰੀ ਹੈ ਜਿਸ ਨੂੰ ਜੀ-ਲੀਗ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ।
ਪ੍ਰਿੰਸਪਾਲ ਸਿੰਘ ਨੇ ਕਿਹਾ ਕਿ ਉਸ ਨੇ ਬਰੇਕਰਜ਼ ਲਈ ਖੇਡਣ ਦੀ ਚੋਣ ਕੀਤੀ ਹੈ ਕਿਉਂਕਿ ਐਨਬੀਐਲ ਉਸ ਲਈ ਇੱਕ ਰਸਤਾ ਬਣ ਗਿਆ ਹੈ।
"ਬਰੇਕਰਜ਼ ਨੇ ਆਰਜੇ ਹੈਮਪਟਨ, ਓਸਮਨੇ ਡਾਇਂਗ ਅਤੇ ਹਿਊਗੋ ਬੇਸਨ ਵਰਗੇ ਮੁੰਡਿਆਂ ਨਾਲ ਦਿਖਾਇਆ ਹੈ ਕਿ ਉਹ ਦੁਨੀਆ ਦੇ ਬੇਹਤਰੀਨ ਖਿਡਾਰੀਆਂ ਦੀ ਪ੍ਰਮੁੱਖ ਟੀਮ ਵਿੱਚੋ ਇੱਕ ਹਨ। ਮੇਰਾ ਟੀਮ ਵਿੱਚ ਸ਼ਾਮਲ ਹੋਣ ਅਤੇ ਡੈਨ ਸ਼ਮੀਰ ਦੀ ਅਗਵਾਈ ਹੇਠ ਨਵਾਂ ਕੁਝ ਸਿੱਖਣਾ ਸੱਚਮੁੱਚ ਮੇਰੇ ਲਈ ਵੱਡੀ ਗੱਲ ਹੈ ।
ਬਰੇਕਰਜ਼ ਦੇ ਮਾਲਕ ਮੈਟ ਵਾਲਸ਼ ਦੇ ਹਵਾਲੇ ਨਾਲ ਕਲੱਬ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਸਿੰਘ ਦੇ ਕੈਂਪ ਵਿੱਚ ਆਉਣਾ ਨਾਲ ਉਭਰ ਰਹੇ ਹੋਰ ਖਿਡਾਰੀਆਂ ਲਈ ਵੀ ਕਲੱਬ ਇੱਕ ਮੰਜ਼ਿਲ ਬਣ ਸਕਦਾ ਹੈ ।
ਵਾਲਸ਼ ਨੇ ਕਿਹਾ, "ਪ੍ਰਿੰਸ ਐਨਬੀਏ ਗਲੋਬਲ ਅਕੈਡਮੀ ਅਤੇ ਜੀ-ਲੀਗ ਇਗਨਾਈਟ ਅਕੈਡਮੀ ਵਿੱਚੋ ਆ ਰਿਹਾ ਹੈ । "ਉਹ ਬਹੁਤ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀ ਹੈ, ਅਤੇ ਅਸੀਂ ਉਸ ਦਾ ਆਪਣੇ ਕਲੱਬ ਵਲੋਂ ਖੇਡਣਾ ਕਲੱਬ ਲਈ ਵੀ ਪ੍ਰਾਪਤੀ ਮੰਨਾਗੇ ।" ਉਸ ਨੂੰ ਸਟਾਕਟਨ ਕਿੰਗਜ਼ ਨੇ ਆਉਣ ਵਾਲੀ ਜੀ ਲੀਗ ਲਈ ਤਿਆਰ ਕੀਤਾ ਸੀ, ਪਰ ਚੋਟੀ ਦੇ ਕੋਚ ਡੈਨ ਸ਼ਮੀਰ ਅਤੇ ਮੋਡੀ ਮੌਰ ਦੀ ਨਿਗਰਾਨੀ ਹੇਠ ਆਪਣੀ ਖੇਡ 'ਤੇ ਕੰਮ ਕਰਨਾ ਜਾਰੀ ਰੱਖਣ ਲਈ ਬ੍ਰੇਕਰਜ਼ ਵੱਲ ਜਾਣ ਦਾ ਫੈਸਲਾ ਕੀਤਾ ਹੈ।
21 ਸਾਲ ਦਾ ਇਹ ਨੌਜਵਾਨ ਜਿਸ ਨੇ 14 ਸਾਲ ਦੀ ਉਮਰ ਵਿੱਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ ਉਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਗੁਰਮੇਜ ਸਿੰਘ ਇਲੈਕਟ੍ਰੀਸ਼ੀਅਨ ਹਨ।
ਪ੍ਰਿੰਸਪਾਲ ਸਿੰਘ ਦਸੰਬਰ ਵਿੱਚ ਸ਼ੁਰੂ ਹੋਣ ਵਾਲੇ ਐਨਬੀਐਲ 22 ਸੀਜ਼ਨ ਲਈ ਮਹੀਨੇ ਦੇ ਅੰਤ ਵਿੱਚ ਬਰੇਕਰਜ਼ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।