ਆਕਲੈਂਡ ( ਤਰਨਦੀਪ ਬਿਲਾਸਪੁਰ ) ਲੇਬਰ ਪਾਰਟੀ ਦੇ ਹੈਮਿਲਟਨ ਵੈਸਟ ਤੋਂ ਜੇਤੂ ਨੌਜਵਾਨ ਮੈਂਬਰ ਪਾਰਲੀਮੈਂਟ ਡਾਕਟਰ ਗੌਰਵ ਸ਼ਰਮਾ ਨੇ ਆਪਣੀ ਵਿਗੜੀ ਸੇਹਤ ਕਰਕੇ ਸਮੁਚੇ ਸਰਕਾਰੀ ਅਤੇ ਪਾਰਲੀਮੈਂਟ ਕਾਰਜਾਂ ਤੋਂ ਕਿਨਾਰਾ ਕਰ ਲਿਆ ਹੈ | ਉਹਨਾਂ ਨੇ ਇਸ ਕਰਕੇ ਆਪਣੇ ਹਲਕੇ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ | ਉਹਨਾਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਸਿਰ ਅਤੇ ਧੌਣ ਵਿਚ ਦਰਦ ਤੋਂ ਇਲਾਵਾ ਇੱਕ ਅਣਜਾਣ ਗੰਢ ਦੀ ਸਮੱਸਿਆ ਤੋਂ ਪੀੜਤ ਹਨ | ਜਿਸ ਕਰਕੇ ਉਹਨਾਂ ਤੋਂ ਲੰਬੀਆਂ ਮੀਟਿੰਗਾਂ ਨੂੰ ਅਟੈਂਡ ਕਰਨ ਵਿਚ ਜਿਥੇ ਦਿੱਕਤ ਆ ਰਹੀ ਹੈ | ਉੱਥੇ ਉਹ ਰਾਤ ਨੂੰ ਸੌਣ ਵਿਚ ਵੀ ਦਿੱਕਤ ਮਹਿਸੂਸ ਕਰ ਰਹੇ ਹਨ | ਹੁਣ ਤੱਕ ਉਹਨਾਂ ਵਲੋਂ ਜਿਥੇ ਦੋ ਅਲਟਰਾ ਸਾਊਂਡ ਕਰਵਾਏ ਗਏ ਹਨ ,ਉੱਥੇ ਹੀ ਹੁਣ ਸੀ.ਟੀ ਸਕੈਨ ਦੇ ਰਿਜਲਟ ਦੀ ਉਡੀਕ ਕਰ ਰਹੇ ਹਨ | ਉਸ ਤੋਂ ਬਾਅਦ ਹੀ ਬਿਮਾਰੀ ਦੇ ਅਸਲ ਕਾਰਨਾਂ ਬਾਬਤ ਕੁਝ ਕਿਹਾ ਜਾ ਸਕਦਾ ਹੈ |
ਇਥੇ ਜਿਕਰਯੋਗ ਹੈ 34 ਸਾਲ ਦੇ ਡਾਕਟਰ ਗੌਰਵ ਸ਼ਰਮਾ ਖੁਦ ਟਰੇਂਡ ਡਾਕਟਰ ਹਨ ਅਤੇ ਉਹ ਪਹਿਲੀ ਪਾਰਲੀਮੈਂਟ ਵਿਚ ਪਹਿਲੀ ਵਾਰ ਚੁਣੇ ਜਾਣ ਤੋਂ ਪਹਿਲਾ ਬਤੌਰ ਡਾਕਟਰ ਹੀ ਕਾਰਜਸ਼ੀਲ ਸਨ |
ਡਾਕਟਰ ਸ਼ਰਮਾ ਤੋਂ ਪਹਿਲਾ ਲੇਬਰ ਐਮ.ਪੀ ਕੀਰੀ ਐਲਨ ਵੀ ਕੈਂਸਰ ਦੇ ਚੱਲਦਿਆਂ ਜਨਤਕ ਜੀਵਨ ਤੋਂ ਪਿਛਾਂਹ ਹਟਕੇ ਆਪਣਾ ਇਲਾਜ਼ ਕਰਵਾ ਰਹੇ ਹਨ |
ਡਾਕਟਰ ਗੌਰਵ ਸ਼ਰਮਾ ਦੇ ਐਲਾਨ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵਲੋਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਸਿਹਤਯਾਬੀ ਲਈ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ |