Tuesday, 27 February 2024
20 November 2021 New Zealand

ਨਿਊਜ਼ੀਲੈਂਡ ਦੇ ਕਿਸਾਨਾਂ ਦਾ ਐਤਵਾਰ ਨੂੰ ਸਭ ਤੋਂ ਵੱਡਾ ਪ੍ਰਦਰਸ਼ਨ

ਦੇਸ਼ ਦੇ 70 ਥਾਵਾਂ `ਤੇ ਹੋਵੇਗਾ ‘ਮਦਰ ਆਫ ਆਲ ਪ੍ਰੋਟੈਸਟਸ’
ਨਿਊਜ਼ੀਲੈਂਡ ਦੇ ਕਿਸਾਨਾਂ ਦਾ ਐਤਵਾਰ ਨੂੰ ਸਭ ਤੋਂ ਵੱਡਾ ਪ੍ਰਦਰਸ਼ਨ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦਾ ਕਿਸਾਨ ਭਾਈਚਾਰਾ ਵੱਖ-ਵੱਖ ਮੰਗਾਂ ਨੂੰ ਲੈ ਕੇ ਭਲਕੇ ਐਤਵਾਰ ਨੂੰ ਇੱਕ ਵਾਰ ਫਿਰ ਸਭ ਤੋਂ ਵੱਡਾ ਪ੍ਰਦਰਸ਼ਨ ਕਰੇਗਾ। ਦੇਸ਼ ਦੇ ਵੱਖ-ਵੱਖ ਵੱਡੇ-ਛੋਟੇ ਸ਼ਹਿਰਾਂ ਅਤੇ ਕਸਬਿਆਂ `ਚ 70 ਥਾਵਾਂ `ਤੇ ਕਿਸਾਨ ਰੋਸ ਪ੍ਰਗਟਾਉਣਗੇ। ਹਾਲਾਂਕਿ ਕੋਵਿਡ ਦੀਆਂ ਪਾਬੰਦੀਆਂ ਕਾਰਨ ਕਾਰਾਂ ਚੋਂ ਬਾਹਰ ਨਾ ਨਿਕਲਣ ਦਾ ਭਰੋਸਾ ਦਿਵਾਇਆ ਹੈ। ਜਿਸ ਕਰਕੇ ਗਰੁੱਪ ਦੀ ਸਟੇਟਮੈਂਟ ਇੱਕ ਵੱਜ ਕੇ 35 ਮਿੰਟ `ਤੇ ਰੇਡੀਉ ਨਿਊਜ਼ ਟਾਕ ਜੈੱਡਬੀ `ਤੇ ਸੁਣੀ ਜਾ ਸਕੇਗੀ। ਆਪਣੀਆਂ ਮੰਗਾਂ ਬਾਰੇ ਕਿਸਾਨ ਪਹਿਲਾਂ ਵੀ ਟ੍ਰੈਕਟਰ ਮਾਰਚ ਕਰ ਚੁੱਕੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ‘ਗਰਾਊਂਡਜਵੈੱਲ ਐਨਜ਼ੈੱਡ’ ਦੇ ਲੀਡਰ ਲੌਰੀ ਪੀਟਰਸਨ ਅਤੇ ਕੋ-ਲੀਡਰ ਬਰਾਈਸ ਮੈਕੈਨਜ਼ੀ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਦਰਸ਼ਨ ਪਿੱਛੇ ਉਨ੍ਹਾਂ ਦਾ ਕੋਈ ਸਿਆਸੀ ਮੰਤਵ ਨਹੀਂ ਹੈ। ਪਰ ਉਹ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸਰਕਾਰ ਦੀਆਂ ਫਰੈੱਸ਼ ਵਾਟਰ ਵਰਗੀਆਂ ਨੀਤੀਆਂ ਕਿਸਾਨਾਂ ਦੇ ਹਿੱਤ `ਚ ਨਹੀਂ। ਜਿਸ ਕਰਕੇ 21 ਨਵੰਬਰ ਐਤਵਾਰ ਨੂੰ ‘ਮਦਰ ਆਫ ਆਲ ਪ੍ਰੋਟੈਸਟਸ’ ਰੱਖਿਆ ਗਿਆ ਹੈ। ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ 70 ਥਾਵਾਂ `ਤੇ ਪ੍ਰਦਰਸ਼ਤ ਕੀਤਾ ਜਾਵੇਗਾ। ਉਨ੍ਹਾਂ ਦੀ ਮੰਗ ਹੈ ਕਿ ਨਵੀਂਆਂ ਨੀਤੀਆਂ ਵਾਪਸ ਲਈਆਂ ਜਾਣ। ਉਨ੍ਹਾਂ ਪ੍ਰਦਰਸ਼ਨ `ਚ ਭਾਗ ਲੈਣ ਵਾਲੇ ਸਾਰੇ ਕਿਸਾਨਾਂ ਨੂੰ ਕੋਵਿਡ ਨਿਯਮਾਂ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਜ਼ੋਰ ਪਾਇਆ ਹੈ ਤਾਂ ਜੋ ਆਮ ਲੋਕਾਂ ਨੂੰ ਬੇਲੋੜੀ ਖੱਜਲ-ਖੁਆਰੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧ `ਚ ਡੈਸਟਿਨੀ ਚਰਚ ਦੇ ਲੀਡਰ ਬਰੀਐਨ ਟਮਾਕੀ ਨਾਲ ਵੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।

ਆਕਲੈਂਡ ਰਿਜਨ ਇਹ ਕਾਫਲਾ ਪਹਿਲਾਂ ਪਾਪਾਕੁਰਾ `ਚ ਇਕੱਠਾ ਹੋਵੇਗਾ ਅਤੇ ਬਾਅਦ `ਚ ਆਕਲੈਂਡ ਸਿਟੀ ਵੱਲ ਰਵਾਨਾ ਹੋਵੇਗਾ। ਲੀਡਰਾਂ ਅਨੁਸਾਰ ਸਾਰਾ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ। ਉਨ੍ਹਾਂ ਡਰ ਵੀ ਪ੍ਰਗਟ ਕੀਤਾ ਹੈ ਕਿ ਕਿਸੇ ਇੱਕ ਬੇਵਕੂਫ ਵੱਲੋਂ ਕੀਤੀ ਗਈ ਗਲਤੀ ਨਾਲ ਉਨ੍ਹਾਂ ਦਾ ਸਾਰਾ ਸੁਨੇਹਾ ਗਵਾਚ ਸਕਦਾ ਹੈ, ਜੋ ਉਹ ਆਮ ਲੋਕਾਂ ਅਤੇ ਸਰਕਾਰ ਨੂੰ ਦੇਣਾ ਚਾਹੁੰਦੇ ਹਨ।

ਉਧਰ, ਕੈਂਟਰਬਰੀ `ਚ ਹੁਰੂਨੁਈ ਡਿਸਟ੍ਰਿਕ ਮੇਅਰ ਮੈਰੀ ਬਲੈਕ, ਕਾਈਕੁਰਾ ਦੇ ਮੇਅਰ ਕਰੇਗ ਮੈਕਲ ਅਤੇ ਵਾਇਮਾਕਰੀਰੀ ਮੇਅਰ ਡੈਨ ਗੋਰਡਨ ਵੀ ਐਂਬਰਲੇਅ `ਚ ਕੌਂਸਲ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਨੂੰ ਸੰਬੋਧਨ ਕਰਨਗੇ।

ADVERTISEMENT
NZ Punjabi News Matrimonials